ਨਵੀਂ ਦਿੱਲੀ: ਦਿੱਲੀ ਸਰਕਾਰ ਅਗਲੇ ਮਹੀਨੇ ਤੋਂ ਆਪਣੇ ਲੋਕਾਂ ਲਈ 50 ਰੁਪਏ ਦੀ ਵਾਧੂ ਫੀਸ 'ਤੇ ਜਨਮ ਪ੍ਰਮਾਣ ਪੱਤਰ, ਜਾਤ ਪ੍ਰਮਾਣ ਪੱਤਰ, ਡ੍ਰਾਈਵਿੰਗ ਲਾਈਸੰਸ ਤੇ ਰਾਸ਼ਨ ਕਾਰਡ ਵਰਗੀਆਂ 100 ਲੋਕ ਸੇਵਾਵਾਂ ਨੂੰ ਲੋਕਾਂ ਦੇ ਘਰਾਂ 'ਚ ਉਪਲਬਧ ਕਰਵਾਏਗੀ। ਕੇਜਰੀਵਾਲ ਮੰਤਰੀ ਮੰਡਲ ਦੀ ਹਾਲ ਵਿੱਚ ਹੋਈ ਬੈਠਕ ਦੇ ਬਿਊਰੇ ਮੁਤਾਬਕ ਵਿਚੋਲੀਆ ਏਜੰਸੀ ਵੱਲੋਂ ਕੀਤੇ ਗਏ ਹਰੇਕ ਸਫਲ ਲੈਣ-ਦੇਣ ਬਦਲੇ ਲੋਕਾਂ ਤੋਂ 50 ਰੁਪਏ ਸੁਵਿਧਾ ਫੀਸ ਵਜੋਂ ਵਸੂਲਣ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਦਿੱਲੀ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਏਜੰਸੀ ਨੂੰ ਇਹ ਕੰਮ ਸੌਂਪਣ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਕੰਪਨੀ ਕੌਮੀ ਰਾਜਧਾਨੀ ਵਿੱਚ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਵਿਚੋਲੀਏ ਦਾ ਕੰਮ ਕਰੇਗੀ। ਅਗਸਤ ਵਿੱਚ ਸ਼ੁਰੂ ਹੋਣ ਵਾਲੀ ਘਰ ਪਹੁੰਚ ਸੇਵਾ ਤਹਿਤ 'ਆਪ' ਸਰਕਾਰ ਆਪਣੇ ਵੱਖ-ਵੱਖ ਵਿਭਾਗਾਂ ਦੀਆਂ ਤਕਰੀਬਨ 100 ਲੋਕ ਸੇਵਾਵਾਂ ਨੂੰ ਦਿੱਲੀ ਦੇ ਲੋਕਾਂ ਦੇ ਦਰਾਂ ਤਕ ਪਹੁੰਚਾਏਗੀ। ਸਰਕਾਰ ਦਾ ਦਾਅਵਾ ਹੈ ਕਿ ਦਿੱਲੀ ਦੇ ਕਿਸੇ ਵੀ ਨਾਗਰਿਕ ਨੂੰ ਇਸ ਯੋਜਨਾ ਤਹਿਤ ਸੂਚੀਬੱਧ ਸੇਵਾਵਾਂ ਲਈ ਕਤਾਰ ਵਿੱਚ ਖੜ੍ਹਾ ਨਹੀਂ ਰਹਿਣਾ ਪਵੇਗਾ।
ਯੋਜਨਾ ਮੁਤਾਬਕ ਏਜੰਸੀ ਰਾਹੀਂ ਮੋਬਾਈਲ ਸਹਾਇਕ ਨਿਯੁਕਤ ਕੀਤੇ ਜਾਣਗੇ। ਏਜੰਸੀ ਕਾਲ ਸੈਂਟਰ ਵੀ ਸਥਾਪਤ ਕਰੇਗੀ। ਇਸ ਯੋਜਨਾ ਤਹਿਤ ਕਾਫੀ ਸਾਰੀਆਂ ਸੇਵਾਵਾਂ ਆਉਣਗੀਆਂ, ਜਿਸ ਵਿੱਚ ਜਾਤ ਪ੍ਰਮਾਣ ਪੱਤਰ, ਡ੍ਰਾਈਵਿੰਗ ਲਾਈਸੰਸ, ਰਾਸ਼ਨ ਕਾਰਡ, ਰਿਹਾਇਸ਼ ਪ੍ਰਮਾਣ ਪੱਤਰ, ਵਿਆਹ ਪ੍ਰਮਾਣ ਪੱਤਰ, ਆਰਸੀ ਵਿੱਚ ਪਤਾ ਬਦਲਣਾ ਆਦਿ ਵੀ ਸ਼ਾਮਲ ਹਨ।
ਉਦਾਹਰਣ ਵਜੋਂ ਜੇਕਰ ਕਿਸੇ ਨੂੰ ਨਵੇਂ ਡ੍ਰਾਈਵਿੰਗ ਲਾਈਸੰਸ ਲਈ ਬਿਨੈ ਕਰਨਾ ਹੈ ਤਾਂ ਉਹ ਇੱਕ ਕਾਲ ਸੈਂਟਰ 'ਤੇ ਫ਼ੋਨ ਕਰਕੇ ਆਪਣਾ ਬਿਓਰਾ ਦੇਵੇਗਾ। ਉਸ ਤੋਂ ਬਾਅਦ ਏਜੰਸੀ ਇੱਕ ਮੋਬਾਈਲ ਸਹਾਇਕ ਨੂੰ ਕੰਮ ਸੌਂਪੇਗੀ ਜੋ ਬਿਨੈਕਾਰ ਦੇ ਘਰ ਜਾ ਕੇ ਜ਼ਰੂਰੀ ਵੇਰਵੇ ਤੇ ਕਾਗ਼ਜ਼ਾਤ ਲਵੇਗਾ। ਬਿਨੈਕਾਰ ਨੂੰ ਇੱਕ ਵਾਰ ਡ੍ਰਾਈਵਿੰਗ ਟੈਸਟ ਲਈ ਐਮਐਲਓ ਦਫ਼ਤਰ ਵੀ ਜਾਣਾ ਪਵੇਗਾ।