ਨਵੀਂ ਦਿੱਲੀ: ਅਮਰਨਾਥ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਵਾਪਸ ਜਾਣ ਲਈ ਕਿਹਾ ਹੈ। ਅਮਰਨਾਥ ਯਾਤਰਾ 'ਤੇ ਗਏ ਯਾਤਰੀਆਂ ਲਈ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਨੂੰ ਤੁਰੰਤ ਵਾਪਸ ਆਉਣਾ ਚਾਹੀਦਾ ਹੈ ਤੇ ਜਿੱਥੋਂ ਉਹ ਹਨ, ਉੱਥੋਂ ਉਹ ਤੁਰੰਤ ਵਾਪਸ ਪਰਤ ਜਾਣ। ਭਾਰਤ ਸਰਕਾਰ ਨੇ ਇਹ ਫੈਸਲਾ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਵੱਲੋਂ ਅਮਰਨਾਥ ਯਾਤਰਾ 'ਤੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਲਿਆ ਹੈ।


ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਹ ਇਨਪੁਟ ਮਿਲ ਰਿਹਾ ਸੀ ਕਿ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਤੋਂ ਇਹ ਐਡਵਾਇਜ਼ਰੀ ਸਾਹਮਣੇ ਆਈ ਹੈ। ਯਾਦ ਰਹੇ ਖਰਾਬ ਮੌਸਮ ਕਾਰਨ ਯਾਤਰਾ ਪਹਿਲਾਂ ਹੀ 4 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਜੰਮੂ-ਕਸ਼ਮੀਰ ਤੋਂ ਅਮਰਨਾਥ ਯਾਤਰੀਆਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਵਾਪਸ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਅਮਰਨਾਥ ਯਾਤਰਾ 15 ਅਗਸਤ ਤੱਕ ਮੁਕੰਮਲ ਹੋਣੀ ਸੀ।


ਇਸ ਤੋਂ ਪਹਿਲਾਂ 31 ਜੁਲਾਈ ਨੂੰ ਖ਼ਬਰ ਆਈ ਸੀ ਕਿ ਅਗਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਦਾ ਅਨੁਮਾਨ ਹੈ, ਜਿਸ ਕਰਕੇ ਅਮਰਨਾਥ ਯਾਤਰਾ 4 ਅਗਸਤ ਤਕ ਸਥਗਿਤ ਰਹੇਗੀ। ਸ੍ਰੀ ਅਮਰਨਾਥ ਸ਼ਰਾਈਨ ਬੋਰਡ (ਐਸਏਐਸਬੀ) ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਖ਼ਰਾਬ ਮੌਸਮ, ਡਿੱਗ ਰਹੇ ਪੱਥਰਾਂ ਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਖ਼ਾਸਕਰ ਜੰਮੂ ਖੇਤਰ ਵਿੱਚ, ਯਾਤਰਾ 4 ਅਗਸਤ 2019 ਤੱਕ ਰੁਕੀ ਰਹੇਗੀ।