ਨਵੀਂ ਦਿੱਲੀ: ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਤੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਭਾਰਤ ਖਿਲਾਫ ਅੱਤਵਾਦੀ ਸਾਜਿਸ਼ ਰਚ ਰਿਹਾ ਹੈ। ਹੁਣ ਖ਼ਬਰ ਇਹ ਹੈ ਕਿ ਹਾਫ਼ਿਜ਼ ਭਾਰਤ ਵਿੱਚ ਪਠਾਨਕੋਟ ਵਰਗੇ ਹਮਲੇ ਕਰਵਾਉਣ ਦੀ ਸਾਜਿਸ਼ ਰਚ ਰਿਹਾ ਹੈ। ਖੂਫੀਆ ਏਜੰਸੀਆਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜੰਮੂ ਤੇ ਪੰਜਾਬ ਵਿੱਚ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚੋਂ ਅੱਤਵਾਦੀ ਘੁਸਪੈਠ ਕਰ ਸਕਦੇ ਹਨ।
ਸੂਤਰਾਂ ਮੁਤਾਬਕ, ਪਾਕਿਸਤਾਨੀ ਰੇਂਜਰਜ਼ ਅੱਤਵਾਦੀ ਘੁਸਪੈਠ ਦੌਰਾਨ ਕਵਰ ਫਾਇਰਿੰਗ ਕਰਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਹਾਫਿਜ਼ ਸਈਦ ਨਜ਼ਰਬੰਦੀ ਤੋਂ ਰਿਹਾਅ ਹੋਣ ਮਗਰੋਂ ਪਠਾਨਕੋਟ ਵਰਗੇ ਵੱਡੇ ਹਮਲੇ ਦੀ ਪਲਾਨਿੰਗ ਵਿੱਚ ਲੱਗਾ ਹੋਇਆ ਹੈ।
ਖੂਫੀਆ ਰਿਪੋਰਟਾਂ ਤੋਂ ਬਾਅਦ ਅੰਤਰਾਸ਼ਟਰੀ ਸਰਹੱਦ 'ਤੇ ਟ੍ਰਿਪਲ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਹੱਦ ਤੇ ਐਲ.ਓ.ਸੀ 'ਤੇ ਧੁੰਦ ਦਾ ਫਾਇਦਾ ਚੁੱਕ ਕੇ ਅੱਤਵਾਦੀ ਭਾਰਤ ਵਿੱਚ ਦਾਖਲ ਹੋਣ ਦੀ ਸਾਜਿਸ਼ ਕਰ ਰਹੇ ਹਨ।
ਕੌਣ ਹੈ ਹਾਫ਼ਿਜ਼ ਸਈਦ?
ਹਾਫ਼ਿਜ਼ ਸਈਦ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦਾ ਚੀਫ ਹੈ ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। 13 ਦਸੰਬਰ, 2001 ਵਿੱਚ ਸੰਸਦ 'ਤੇ ਹੋਏ ਹਮਲੇ ਦੀ ਸਾਜਿਸ਼ ਰਚਣ ਵਾਲਿਆਂ ਵਿੱਚ ਇਹ ਵੀ ਸ਼ਾਮਲ ਸੀ। 11 ਜੁਲਾਈ, 2006 ਨੂੰ ਮੁੰਬਈ ਦੀਆਂ ਟਰੇਨਾਂ ਵਿੱਚ ਹੋਏ ਧਮਾਕਿਆਂ ਵਿੱਚ ਵੀ ਇਸ ਦਾ ਹੱਥ ਸੀ। ਮੁੰਬਈ ਵਿੱਚ 26/11 ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਵੀ ਇਹ ਹੀ ਹੈ। ਇਸ ਹਮਲੇ ਵਿੱਚ 167 ਬੇਗੁਨਾਹ ਮਾਰੇ ਗਏ ਸਨ। ਹਾਫਿਜ਼ ਸਿਰਫ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਵਾਂਟੇਡ ਹੈ।