ਨਵੀਂ ਦਿੱਲੀ: ਥਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਵੱਡੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਘੁਸਪੈਠ ਕਰਨ ਲਈ ਅੱਤਵਾਦੀ ਸਮੁੰਦਰੀ ਰਾਹ ਦਾ ਇਸਤੇਮਾਲ ਕਰ ਸਕਦੇ ਹਨ। ਇੰਟੈਲੀਜੈਂਸ ਦੀ ਰਿਪੋਰਟ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਪੁਲਵਾਮਾ ਤੋਂ ਵੀ ਕੀਤਾ ਜਾ ਸਕਦਾ ਹੈ।


ਪਾਕਿਸਤਾਨ ਦਾ ਨਾਂ ਲਏ ਬਗੈਰ ਲਾਂਬਾ ਨੇ ਕਿਹਾ ਕਿ ਕੱਟੜਵਾਦੀ ਹਮਲੇ ਦੀ ਸਾਜ਼ਿਸ਼ ਘੜ ਰਹੇ ਹਨ ਪਰ ਉਨ੍ਹਾਂ ਨੂੰ ਮਦਦ ਅਜਿਹੇ ਦੇਸ਼ ਤੋਂ ਮਿਲ ਰਹੀ ਹੈ ਜੋ ਭਾਰਤ ਨੂੰ ਹਮੇਸ਼ਾ ਅਸਥਿਰ ਰੱਖਣਾ ਚਾਹੁੰਦਾ ਹੈ। ਇਸੇ ਵਿਚਾਲੇ ਅੱਜ ਪਾਕਿਸਤਾਨੀ ਨੇਵੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤੀ ਪਣਡੁੱਬੀ ਨੂੰ ਆਪਣੀ ਸਮੁੰਦਰੀ ਸਰਹੱਦ ਵਿੱਚ ਦਾਖ਼ਲ ਹੋਣੋਂ ਰੋਕ ਦਿੱਤਾ ਹੈ।

ਇਸ ਦੇ ਸਬੂਤ ਵਜੋਂ ਪਾਕਿ ਨੇ ਇੱਕ ਫੁਟੇਜ ਵੀ ਜਾਰੀ ਕੀਤਾ ਹੈ। ਇਹ ਫੁਟੇਜ 4 ਮਾਰਚ ਦੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਸਮੁੰਦਰੀ ਸੀਮਾ ਵਿੱਚ ਇੰਡੀਅਨ ਨੇਵੀ ਦੀ ਸਬਮਰੀਨ 2035 ਹਾਰਜ ’ਤੇ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਨੇਵੀ ਨੇ ‘ਸਪੈਸ਼ਲਾਈਜ਼ਡ ਸਕਿੱਲ’ ਵਰਤਦਿਆਂ ਆਪਣੀ ਕਾਬਲੀਅਤ ਨਾਲ ਸਫਲਤਾਪੂਰਵਕ ਭਾਰਤੀ ਸਬਮਰੀਨ ਨੂੰ ਆਪਣੇ ਜਲ ਖੇਤਰ ਵਿੱਚ ਦਾਖ਼ਲ ਹੋਣੋਂ ਰੋਕਿਆ।