ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਦੀ ਪਸੰਦੀਦਾ ਕਾਰ ਚੋਰੀ ਹੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬੀਤੇ ਦਿਨ ਦੀ ਹੈ। ਚੋਰ ਸਵੇਰੇ 4 ਵਜੇ ਪਾਰਟੀ ਦੇ ਦਫ਼ਤਰ ਵਿੱਚ ਵੜੇ ਤੇ ਪਾਰਟੀ ਦੀ ਚੋਣ ਪ੍ਰਚਾਰ ਸਮੱਗਰੀ 'ਤੇ ਹੱਥ ਸਾਫ ਕੀਤਾ।
ਪੂਰੀ ਵਾਰਦਾਤ ਸੀ.ਸੀ.ਟੀ.ਵੀ.ਵਿੱਚ ਕੈਦ ਹੋ ਗਈ ਹੈ। ਪਾਰਟੀ ਨੇ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਬਾੜ ਦਾ ਕੰਮ ਕਰਨ ਵਾਲੇ ਮੁਹੰਮਦ ਕਾਜ਼ਿਮ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਕੈਮਰੇ ਵਿੱਚ ਕੈਦ ਤਸਵੀਰਾਂ ਵਿੱਚ ਵੀ ਕਾਜ਼ਿਮ ਵਿਖਾਈ ਦੇ ਰਿਹਾ ਹੈ। ਉਸ ਦੇ ਸਾਥੀ ਫੁਰਕਾਨ ਤੇ ਹੋਰ ਚੋਰੀ ਦੇ ਸਾਮਾਨ ਦੀ ਖ਼ਰੀਦੋ-ਫਰੋਖ਼ਤ ਕਰਦੇ ਹਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚਹੇਤੀ ਨੀਲੀ ਵੈਗਨ-ਆਰ ਕਾਰ ਚੋਰੀ ਹੋ ਗਈ ਸੀ। ਹਾਲਾਂਕਿ, ਕਾਰ ਚੋਰੀ ਕਰਨ ਵਾਲਿਆਂ ਨੇ ਤਿੰਨ ਦਿਨ ਬਾਅਦ ਇਸ ਨੂੰ ਗਾਜ਼ੀਆਬਾਦ ਵਿੱਚ ਲਾਵਾਰਿਸ ਹਾਲਤ 'ਚ ਛੱਡ ਦਿੱਤਾ ਸੀ।