ਨਵੀਂ ਦਿੱਲੀ: ਬੀਤੀ 1 ਜੁਲਾਈ ਤੋਂ ਭਾਰਤ ਵਿੱਚ ਸਾਰੀਆਂ ਕਰ ਪ੍ਰਣਾਨੀਆਂ ਨੂੰ ਸਮਾ ਕੇ ਇੱਕ ਕਰ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਵਸਤੂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਕਾਰਨ ਵਪਾਰੀ ਵਰਗ ਡਾਹਢੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਹੈ। ਪੇਚੀਦਾ ਪ੍ਰਣਾਲੀ ਨੂੰ ਸਮਝਣ ਲਈ ਵਪਾਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉੱਤੋਂ ਟੈਕਸ ਰਿਟਰਨ ਭਰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਵਪਾਰੀਆਂ ਨੂੰ ਹਲਕੀ ਰਾਹਤ ਤਾਂ ਜ਼ਰੂਰ ਮਹਿਸੂਸ ਹੋਈ। ਇਸ ਤੋਂ ਬਾਅਦ ਮੋਦੀ ਨੇ ਵੀ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਹੋਰ ਰਾਹਤਾਂ ਦਾ ਵਾਅਦਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬਾ ਮੰਤਰੀਆਂ ਦੀ ਕਮੇਟੀ ਵੱਲੋਂ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਗਿਆ ਹੈ ਅਤੇ ਇਨ੍ਹਾਂ ਦਾ ਐਲਾਨ ਅਗਲੇ ਹਫ਼ਤੇ ਹੋਣ ਵਾਲੀ ਜੀਐਸਟੀ ਪ੍ਰੀਸ਼ਦ ਦੀ ਬੈਠਕ ਦੌਰਾਨ ਕੀਤਾ ਜਾ ਸਕਦਾ ਹੈ।

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਹੇਠਲੀ ਪ੍ਰੀਸ਼ਦ ਦੀ ਬੈਠਕ 9 ਅਤੇ 10 ਨਵੰਬਰ ਨੂੰ ਗੁਹਾਟੀ ’ਚ ਹੋਵੇਗੀ। ਵਿਸ਼ਵ ਬੈਂਕ ਦੀ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਦੀ ਰੈਂਕਿੰਗ ’ਚ ਭਾਰਤ ਦੇ 100ਵੇਂ ਨੰਬਰ ’ਤੇ ਆਉਣ ਸਬੰਧੀ ਕਰਾਏ ਗਏ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸੂਬਿਆਂ ਵੱਲੋਂ ਕੁਝ ਮੁੱਦਿਆਂ ’ਤੇ ਚਿੰਤਾ ਜਤਾਏ ਜਾਣ ਮਗਰੋਂ ਜੀਐਸਟੀ ਪ੍ਰੀਸ਼ਦ ਨੇ ਕਈ ਸੂਬਾਈ ਮੰਤਰੀਆਂ ਅਤੇ ਅਧਿਕਾਰੀਆਂ ’ਤੇ ਆਧਾਰਿਤ ਕਮੇਟੀ ਬਣਾਈ ਸੀ ਜਿਨ੍ਹਾਂ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਸੁਝਾਵਾਂ ਨੂੰ ਮੰਨ ਲਿਆ ਹੈ।

ਵਿਸ਼ਵ ਬੈਂਕ ਰੈਂਕਿੰਗ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਜ਼ਾ ਰਿਪੋਰਟ ’ਚ ਜੀਐਸਟੀ ਲਾਗੂ ਕੀਤੇ ਜਾਣ ਨੂੰ ਦਰਜ ਨਹੀਂ ਕੀਤਾ ਗਿਆ ਹੈ। ‘ਜੀਐਸਟੀ ਭਾਰਤੀ ਅਰਥਚਾਰੇ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ ਅਤੇ ਇਸ ਨਾਲ ਕਾਰੋਬਾਰ ਕਰਨ ਦੇ ਕਈ ਪੱਖਾਂ ’ਤੇ ਅਸਰ ਪਏਗਾ। ਜੀਐਸਟੀ ਨਾਲ ਅਸੀਂ ਆਧੁਨਿਕ ਟੈਕਸ ਪ੍ਰਣਾਲੀ ਵਲ ਵੱਧ ਰਹੇ ਹਾਂ ਜੋ ਪਾਰਦਰਸ਼ੀ ਅਤੇ ਸਥਿਰ ਹੈ।’

ਕਾਂਗਰਸ ਪਾਰਟੀ ਖਾਸ ਕਰਕੇ ਡਾਕਟਰ ਮਨਮੋਹਨ ਸਿੰਘ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਸ਼ਵ ਬੈਂਕ ਨਾਲ ਕੰਮ ਕਰਦੇ ਰਹੇ, ਉਹ ਹੁਣ ਰੈਂਕਿੰਗ ’ਤੇ ਸ਼ੰਕੇ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕਈ ਸੁਧਾਰ ਵਾਲੇ ਕਦਮ ਚੁੱਕੇ ਗਏ ਜਿਸ ਨਾਲ ਭਾਰਤ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਦੇ ਮਾਮਲੇ ’ਚ 42 ਸਥਾਨ ਘੱਟ ਕੇ 100ਵੇਂ ਨੰਬਰ ’ਤੇ ਆ ਗਿਆ।

‘ਇਕ ਜੀਵਨ, ਇਕ ਮਿਸ਼ਨ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤ ਅਤੇ ਸਵਾ ਅਰਬ ਲੋਕਾਂ ਦੇ ਜੀਵਨ ’ਚ ਬਦਲਾਅ ਲਿਆਉਣ ਲਈ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ‘ਸੁਧਾਰ, ਕਾਰਗੁਜ਼ਾਰੀ ਅਤੇ ਬਦਲਾਅ’ ਹੈ। ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਉਤਪਾਦਨ ਅਤੇ ਬੁਨਿਆਦੀ ਢਾਂਚੇ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।