ਦੂਜਿਆਂ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਵੰਡਣ ਵਾਲੇ ਹੁਣ ਪੂਰੀ ਤਰ੍ਹਾਂ ਬੇਨਕਾਬ: ਸੋਨੀਆ ਗਾਂਧੀ ਦਾ ਤਿੱਖਾ ਵਾਰ
ਏਬੀਪੀ ਸਾਂਝਾ | 22 Jan 2021 01:04 PM (IST)
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਰੀਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨ ਗੋਸਵਾਮੀ ਦੀ ਕਥਿਤ ਵ੍ਹਟਸਐਪ ਚੈਟ ਦੇ ਹਵਾਲੇ ਨਾਲ ਅੱਜ ਕਿਹਾ ਹੈ ਕਿ ਦੂਜਿਆਂ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਵੰਡਣ ਵਾਲੇ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਰੀਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨ ਗੋਸਵਾਮੀ ਦੀ ਕਥਿਤ ਵ੍ਹਟਸਐਪ ਚੈਟ ਦੇ ਹਵਾਲੇ ਨਾਲ ਅੱਜ ਕਿਹਾ ਹੈ ਕਿ ਦੂਜਿਆਂ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਵੰਡਣ ਵਾਲੇ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦੇ ਨਾਂ ਉੱਤੇ ਹੈਰਾਨਕੁੰਨ ਸੰਵੇਦਨਹੀਣਤਾ ਤੇ ਹੰਕਾਰ ਵਿਖਾਇਆ ਹੈ। ਸੋਨੀਆ ਗਾਂਧਾ ਨੇ ਕਿਹਾ ਕਿ ਇੱਕ ਹਫ਼ਤੇ ’ਚ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਜਟ ਸੈਸ਼ਨ ਹੈ ਪਰ ਜਨਹਿੱਤ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਉੱਤੇ ਪੂਰੀ ਤਰ੍ਹਾਂ ਚਰਚਾ ਕੀਤੇ ਜਾਣ ਦੀ ਲੋੜ ਹੈ। ਕੀ ਸਰਕਾਰ ਇਸ ’ਤੇ ਸਹਿਮਤ ਹੋਵੇਗੀ; ਇਹ ਵੇਖਣਾ ਹੋਵੇਗਾ। ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਵਰਨਣ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਤੇ ਸਰਕਾਰ ਨਾਲ ਗੱਲਬਾਤ ਦੇ ਨਾਂ ਉੱਤੇ ਸਰਕਾਰ ਨੇ ਸੰਵੇਦਨਹੀਣਤਾ ਤੇ ਹੰਕਾਰ ਵੀ ਵਿਖਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਨੂੰਨ ਜਲਦਬਾਜ਼ੀ ’ਚ ਬਣਾਏ ਗਏ ਤੇ ਸੰਸਦ ਨੂੰ ਇਨ੍ਹਾਂ ਪ੍ਰਭਾਵਾਂ ਦਾ ਮੁੱਲਾਂਕਣ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਕਿ ਇਹ ਅਨਾਜ ਸੁਰੱਖਿਆ ਦੀਆਂ ਬੁਨਿਆਦਾਂ ਨੂੰ ਬਰਬਾਦ ਕਰ ਦੇਣਗੇ। ਲੀਕ ਹੋਈਆਂ ਵ੍ਹਟਸਐਪ ਚੈਟਸ ਦੇ ਹਵਾਲੇ ਨਾਲ ਸੋਨੀਆ ਗਾਂਧੀ ਨੇ ਕਿਹਾ ਕਿ ਬੀਤੇ ਕੁਝ ਦੌਰਾਨ ਅਸੀਂ ਬਹੁਤ ਪਰੇਸ਼ਾਨ ਕਰ ਦੇਣ ਵਾਲੀਆਂ ਖ਼ਬਰਾਂ ਵੇਖੀਆਂ ਕਿ ਕਿਵੇਂ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਅਰਥਵਿਵਸਥਾ ਦੀ ਹਾਲਤ ਨੂੰ ਲੈ ਕੇ ਵੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਸਰਕਾਰ ਨੂੰ ਇਸ ਵੇਲੇ ਨਿਜੀਕਰਣ ਦੀ ਕਾਹਲ਼ੀ ਪਈ ਹੋਈ ਹੈ।