ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦੇ ਅਮੀਰ ਰਿਹਾਇਸ਼ੀ ਇਲਾਕੇ ਮਾਡਲ ਟਾਊਨ ਵਿੱਚ ਤੂਫ਼ਾਨ ਕੋਠੀ ਦੇ ਨਾਂਅ ਨਾਲ ਜਾਣੇ ਜਾਂਦੇ ਬੰਗਲੇ ਬਾਹਰ ਹਿੰਸਕ ਝੜਪ ਦੌਰਾਨ ਇੱਕ ਮਹਿਲਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਦੋ ਸਕੇ ਭਰਾ ਵੀ ਸ਼ਾਮਲ ਹਨ। ਇੱਥੇ ਰਹਿਣ ਵਾਲੇ ਦੋ ਪਰਿਵਾਰਾਂ ਕੋਲ ਕੁੱਲ ਨੌਂ ਗੱਡਆਂ ਸਨ ਤੇ ਲੰਘੀ ਰਾਤ ਗੱਡੀਆਂ ਖੜ੍ਹੀਆਂ ਕਰਨ ਤੋਂ ਸ਼ੁਰੂ ਹੋਇਆ ਮਮੂਲੀ ਵਿਵਾਦ ਤਿੰਨ ਕਤਲਾਂ 'ਤੇ ਜਾ ਕੇ ਖ਼ਤਮ ਹੋਇਆ। ਦੋਵਾਂ ਸਕੇ ਭਰਾਵਾਂ ਵਿੱਚ ਪਹਿਲਾਂ ਹੀ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।


 

ਮਾਡਲ ਟਾਊਨ ਦੇ ਮਕਾਨ ਡੀ-13 ਏ-19 ਵਿੱਚ ਇਹ ਵਾਰਦਾਤ ਰਾਤ ਦੇ ਕਰੀਬ ਡੇਢ ਵਜੇ ਉਦੋਂ ਵਾਪਰੀ ਜਦੋਂ ਦੋਵਾਂ ਭਰਾਵਾਂ ਵਿਚਕਾਰ ਗੱਡੀਆਂ ਖੜ੍ਹੀਆਂ ਕਰਨ ਤੋਂ ਤਕਰਾਰ ਹੋ ਗਿਆ। ਇਸ ਮਕਾਨ ਵਿੱਚ ਦੋ ਸਕੇ ਭਰਾ ਗੁਰਜੀਤ ਸਿੰਘ (50 ਸਾਲ) ਤੇ ਜਸਪਾਲ ਸਿੰਘ (52 ਸਾਲ) ਰਹਿੰਦੇ ਸਨ। ਦੋਨੋਂ ਹੀ ਵੱਡੇ ਕਾਰੋਬਾਰੀ ਸਨ। ਉਨ੍ਹਾਂ ਦੇ ਪਿਤਾ ਹਰਨਾਮ ਸਿੰਘ 'ਤੂਫ਼ਾਨ' ਦੀ ਛੇ ਸਾਲ ਪਹਿਲਾਂ ਮੌਤ ਹੋਣ ਮਗਰੋਂ ਦੋਨਾਂ ਭਰਾਵਾਂ ਦਰਮਿਆਨ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਦੋਵਾਂ ਭਰਾਵਾਂ ਨੇ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਗੱਲਬਾਤ ਨਹੀਂ ਸੀ ਕੀਤੀ।

ਪੁਲੀਸ ਮੁਤਾਬਕ ਵੀਰਵਾਰ ਰਾਤ ਪਾਰਕਿੰਗ ਨੂੰ ਲੈ ਕੇ ਦੋਹਾਂ ਦਰਮਿਆਨ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਇਸੇ ਦੌਰਾਨ ਜਸਪਾਲ ਨੇ ਗੁਰਜੀਤ ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਜ਼ਮੀਨ ਉੱਤੇ ਡੇਗ ਦਿੱਤਾ। ਗੁਰਜੀਤ ਨੂੰ ਬਚਾਉਣ ਆਇਆ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ। ਗੁਆਂਢੀਆਂ ਦੀ ਇਤਲਾਹ ਮਗਰੋਂ ਪੁਲੀਸ ਪੁੱਜ ਗਈ।

ਪੁਲੀਸ ਮੁਤਾਬਕ ਗੁਰਜੀਤ ਕੋਲ ਦੋ ਨਿਜੀ ਸੁਰੱਖਿਆ ਗਾਰਡ ਵੀ ਸਨ ਜਿਨ੍ਹਾਂ ਨੇ ਜਸਪਾਲ ਤੇ ਉਸ ਦੀ ਪਤਨੀ ਪ੍ਰਭਜੋਤ ਕੌਰ 'ਤੇ ਗੋਲੀਆਂ ਚਲਾ ਦਿੱਤੀਆਂ। ਜਸਪਾਲ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਿਆ ਵੀ ਪਰ ਗੋਲੀਆਂ ਤੋਂ ਬਚ ਨਾ ਸਕਿਆ। ਬਾਅਦ ਵਿੱਚ ਨਿਜੀ ਸੁਰੱਖਿਆ ਗਾਰਡ ਮੌਕੇ ਤੋਂ ਫ਼ਰਾਰ ਹੋ ਗਏ। ਤਿੰਨਾਂ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਗੁਆਂਢੀਆਂ ਅਨੁਸਾਰ ਤੀਜਾ ਭਰਾ ਹੋਰ ਥਾਂ ਰਹਿੰਦਾ ਹੈ ਤੇ ਇਨ੍ਹਾਂ ਦੋਨਾਂ ਭਰਾਵਾਂ ਦਰਮਿਆਨ ਝਗੜਾ ਰਹਿੰਦਾ ਸੀ।