ਕੋਲਕਾਤਾ: ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਪ੍ਰਧਾਨ ਮਮਤਾ ਬੈਨਰਜੀ ਨੇ ਈਦ ਦੇ ਪ੍ਰੋਗਰਾਮ ਵਿੱਚ ਬੀਜੇਪੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ। ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਦਰਅਸਲ ਮੁੱਖ ਮੰਤਰੀ ਕੋਲਕਾਤਾ ਵਿੱਚ ਈਦ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਉਨ੍ਹਾਂ ਲੋਕਾਂ ਨੂੰ ਈਦ ਦੀ ਪਰਿਭਾਸ਼ਾ ਵੀ ਦੱਸੀ।



ਮਮਤਾ ਨੇ ਕਿਹਾ, 'ਤਿਆਗ ਦਾ ਨਾਂ ਹੈ ਹਿੰਦੂ, ਈਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ ਇਸਾਈ, ਸਿੱਖਾਂ ਦਾ ਨਾਂ ਹੈ ਬਲੀਦਾਨ। ਇਹ ਹੈ ਸਾਡਾ ਹਿੰਦੁਸਤਾਨ। ਇਸ ਦੀ ਰੱਖਿਆ ਅਸੀਂ ਲੋਕ ਕਰਾਂਗੇ। ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਇਹ ਸਾਡਾ ਨਾਅਰਾ ਹੈ।'



ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਈਦ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਟਵੀਟ ਵੀ ਕੀਤਾ। ਉਨ੍ਹਾਂ ਕਿਹਾ, 'ਈਦ ਉਲ ਫਿਤਰ ਦੇ ਅਵਸਰ 'ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਧਰਮ ਨਿੱਜੀ ਵਿਸ਼ਵਾਸ ਦਾ ਵਿਸ਼ਾ ਹੋ ਸਕਦਾ ਹੈ ਪਰ ਤਿਉਹਾਰ ਸਾਰਿਆਂ ਦੇ ਹਨ। ਆਓ ਏਕਤਾ ਦੀ ਭਾਵਨਾ ਨੂੰ ਬਣਾਈ ਰੱਖੀਏ ਤੇ ਸ਼ਾਂਤੀ-ਸਦਭਾਵ ਨਾਲ ਇਕੱਠੇ ਰਹੀਏ।'