ਲਖਨਊ: ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ ‘ਚ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਰਿਹਾ ਹੈ। ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਤਿਆਰੀ ‘ਚ ਲੱਗੀ ਹੋਈ ਹੈ। ਉਧਰ, ਸਪਾ ਤੇ ਬਸਪਾ ਦਾ ਮਹਾਗਠਬੰਧਨ ਖ਼ਤਮ ਹੋਣ ਮਗਰੋਂ ਅਖਿਲੇਸ਼ ਤੇ ਮਾਇਆਵਤੀ ਨੇ ਵੱਖ-ਵੱਖ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਹੈ। ਸਭ ਵੱਧ ਅਗਨੀ ਪ੍ਰੀਖਿਆ ਬੀਜੇਪੀ ਦੀ ਹੈ ਕਿਉਂਕਿ ਵੇਖਣਾ ਹੋਏਗਾ ਕਿ ਮੁੜ ਮੋਦੀ ਲਹਿਰ ਚੱਲ਼ਦੀ ਹੈ ਜਾਂ ਫਿਰ ਨਹੀਂ।
ਸਮਾਜਵਾਦੀ ਪਾਰਟੀ: ਸਪਾ ਆਪਣੇ ਬੇਹੱਦ ਹੀ ਬੁਰੇ ਦੌਰ ਤੋਂ ਗੁਜਰ ਰਹੀ ਹੈ। ਇਹ ਪਾਰਟੀ ਕਾਂਗਰਸ ਤੇ ਬਸਪਾ ਨਾਲ ਦੋ ਵਾਰ ਗਠਬੰਧਨ ਕਰ ਚੁੱਕੀ ਹੈ ਪਰ ਹਮੇਸ਼ਾ ਹਾਰ ਹੀ ਹੱਥ ਲੱਗੀ। ਇਸ ਦੇ ਨਾਲ ਹੀ ਸ਼ਿਵਪਾਲ ਸਿੰਘ ਨੇ ਵੀ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਅਖਿਲੇਸ਼ ਆਪਣੀ ਹਾਲਤ ਤੋਂ ਨਿਰਾਸ਼ ਨਹੀਂ ਤੇ ਚੋਣਾਂ ਦੀ ਤਿਆਰੀ ਕਰਕੇ ਆਪਣੀ ਪਾਰਟੀ ਦੇ ਸਮੱਰਥਕਾਂ ‘ਚ ਜਾ ਕੇ ਤਿਆਰੀਆਂ ਕਰਵਾ ਰਹੇ ਹਨ।
ਬਹੁਜਨ ਸਮਾਜ ਪਾਰਟੀ: 2007 ‘ਚ ਬਹੁਮਤ ਨਾਲ ਸੱਤਾ ‘ਚ ਆਉਣ ਤੋਂ ਬਾਅਦ ਤਿੰਨ ਲੋਕ ਸਭਾ ਚੋਣਾਂ ‘ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। 2012 ‘ਚ ਸੱਤਾ ਅਖਿਲੇਸ਼ ਕੋਲ ਚਲੇ ਗਈ ਤੇ 2017 ‘ਚ ਬੀਜੇਪੀ ਕੋਲ। ਇਸ ਵਾਰ ਲੋਕ ਸਭਾ ਚੋਣਾਂ ‘ਚ ਬਸਪਾ ਤੇ ਸਪਾ ਦਾ ਗਠਬੰਧਨ ਸੀ ਪਰ ਬਸਪਾ 10 ਸੀਟਾਂ ਜ਼ਰੂਰ ਹਾਸਲ ਕਰਨ ‘ਚ ਕਾਮਯਾਬ ਰਹੀ। ਇਸ ਦੇ ਨਾਲ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਆਉਣ ਵਾਲੀਆਂ ਚੋਣਾਂ ‘ਚ ਇਕੱਲੇ ਹੀ ਮੈਦਾਨ ‘ਚ ਉੱਤਰੇਗੀ ਤੇ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ।
ਕਾਂਗਰਸ: ਜਿਨ੍ਹਾਂ 11 ਲੋਕ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿੱਚੋਂ ਕੁਝ ਸੀਟਾਂ ‘ਤੇ ਕਾਂਗਰਸ ਦਾ ਇਸ ਵਾਰ ਲੋਕ ਸਭਾ ਚੋਣਾਂ ‘ਚ ਪ੍ਰਦਰਸ਼ਨ ਵਧੀਆ ਰਿਹਾ। ਲੋਕ ਸਭਾ ‘ਚ ਹਾਰ ਮਿਲਣ ਤੋਂ ਬਾਅਦ ਵੀ ਕਾਂਗਰਸ ਪੂਰੇ ਜੋਸ਼ ਨਾਲ ਜ਼ਿਮਨੀ ਚੋਣਾਂ ਲਈ ਤਿਆਰ ਹੈ। ਪ੍ਰਿਅੰਕਾ ਗਾਂਧੀ ਵੀ ਆਪਣੇ ਸਮਰੱਥਕਾਂ ਨਾਲ ਗੱਲਬਾਤ ਕਰ ਮੁਕਾਬਲੇ ਲਈ ਤਿਆਰ ਹੋ ਰਹੀ ਹੈ।
ਬੀਜੇਪੀ: ਕੇਂਦਰ ਦੇ ਨਾਲ-ਨਾਲ ਸੂਬੇ ‘ਚ ਵੀ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ। ਜਿਨ੍ਹਾਂ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾ ‘ਤੇ 2017 ‘ਚ ਬੀਜੇਪੀ ਦਾ ਕਬਜ਼ਾ ਸੀ ਤੇ ਪਾਰਟੀ ਇਹ ਮੌਕਾ ਗੁਆਉਣਾ ਨਹੀਂ ਚਾਹੇਗੀ।
ਇਨ੍ਹਾਂ ਸੀਟਾਂ ‘ਤੇ ਚਾਰੇ ਪਾਰਟੀਆਂ ਚੋਂ ਕੌਣ ਬਾਜ਼ੀ ਮਾਰਦਾ ਹੈ, ਇਹ ਦੇਖਣਾ ਖਾਸ ਰਹੇਗਾ। ਦੇਖਦੇ ਹਾਂ ਕਿ ਇਨ੍ਹਾਂ ਸੀਟਾਂ ‘ਤੇ ਕਾਂਗਰਸ-ਬੀਜੇਪੀ ਜਿੱਤ ਹਾਸਲ ਕਰਦੀ ਹੈ ਜਾਂ ਸਪਾ ਤੇ ਬੀਐਸਪੀ ਵਿੱਚੋਂ ਕੋਈ ਬਾਜ਼ੀ ਮਾਰਦਾ ਹੈ।