ਕੋਲਕਾਤਾ: ਆਰਐਸਐਸ ਨੇ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ 'ਚ ਹੋਏ ਸੰਘਰਸ਼ 'ਚ ਦੋ ਵਿਦਿਆਰਥੀਆਂ ਦੀ ਮੌਤ ਸਬੰਧੀ ਸੰਗਠਨ ਨੂੰ ਬਦਨਾਮ ਕਰਨ ਦੇ ਦੋਸ਼ਾਂ 'ਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸੂਬੇ ਦੇ ਸਿੱਖਿਆ ਮੰਤਰੀ ਚੈਟਰਜੀ ਨੂੰ ਇਹ ਕਾਨੂੰਨੀ ਨੋਟਿਸ ਪਹਿਲੀ ਅਕਤੂਬਰ ਨੂੰ ਭੇਜਿਆ ਗਿਆ। ਤ੍ਰਿਣਮੂਲ ਦਾ ਦਾਅਵਾ ਹੈ ਕਿ ਐਰਐਸਐਸ-ਬੀਜੇਪੀ ਨੇ ਸੂਬੇ 'ਚ ਅਸ਼ਾਂਤੀ ਫੈਲਾਉਣ ਦੀ ਯੋਜਨਾ ਰਚੀ ਸੀ। ਇਹ ਕਾਨੂੰਨੀ ਨੋਟਿਸ ਚੈਟਰਜੀ ਨੂੰ ਇਸੇ ਬਿਆਨ ਲਈ ਭੇਜਿਆ ਗਿਆ ਹੈ। ਇਸ 'ਚ ਉਨ੍ਹਾਂ ਦੋ ਵਿਦਿਆਰਥੀਆਂ ਦੀ ਮੌਤ ਪਿੱਛੇ ਆਰਐਸਐਸ ਦਾ ਹੱਥ ਦੱਸਿਆ ਹੈ।
ਆਰਐਸਐਸ ਦੇ ਬੁਲਾਰੇ ਜਿਸ਼ਨੂੰ ਬਸੂ ਨੇ ਦੱਸਿਆ ਕਿ ਟੀਐਮਸੀ ਨੇ ਸਾਡੇ ਖਿਲਾਫ ਆਧਾਰਹੀਣ 'ਤੇ ਗਲਤ ਦੋਸ਼ ਲਾਏ ਹਨ। ਇਸ ਲਈ ਅਸੀਂ ਟੀਐਮਸੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਟੀਐਮਸੀ ਨੇਤਾ ਨੂੰ ਜਾਂ ਤਾਂ ਆਪਣੀ ਟਿੱਪਣੀ ਲਈ ਮੁਆਫੀ ਮੰਗਣੀ ਹੋਵੇਗੀ ਜਾਂ ਜੋ ਉਨ੍ਹਾਂ ਆਰਐਸਐਸ ਖਿਲਾਫ ਬਿਆਨ ਦਿੱਤਾ ਉਸ ਨੂੰ ਸਾਬਤ ਕਰਨਾ ਹੋਵੇਗਾ।
ਦੂਜੇ ਪਾਸੇ ਟੀਐਮਸੀ ਨੇਤਾ ਚੈਟਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਕਾਨੂੰਨੀ ਨੋਟਿਸ ਨਹੀਂ ਮਿਲਿਆ। ਨੋਟਿਸ ਮਿਲਣ ਤੋਂ ਬਾਅਦ ਹੀ ਉਹ ਕੋਈ ਟਿੱਪਣੀ ਕਰਨਗੇ। ਪੁਲਿਸ ਮੁਤਾਬਕ 20 ਸਤੰਬਰ ਨੂੰ ਇਸਲਾਮਪੁਰ 'ਚ ਦਰੀਭੀਤ ਹਾਈ ਸਕੂਲ 'ਚ ਉਰਦੂ ਤੇ ਸੰਸਕ੍ਰਿਤ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਤਿੱਖੀ ਝੜਪ ਹੋਈ ਸੀ। ਇਸ ਦੌਰਾਨ ਕਾਲਜ ਦੇ ਵਿਦਿਆਰਥੀ ਤਪਸ ਬਰਮਨ ਤੇ ਆਈਟੀ ਵਿਦਿਆਰਥੀ ਰਾਜੇਸ਼ ਸਰਕਾਰ ਦੀ ਮੌਤ ਹੋ ਗਈ ਸੀ।