ਨਵੀਂ ਦਿੱਲੀ: ਯੁਵਾ ਕਾਂਗਰਸ ਦੀ ਅਗਵਾਈ ਵਿੱਚ ਦਰਜਨਾਂ ਵਿਰੋਧੀ ਦਲਾਂ ਦੇ ਨੌਜਵਾਨ ਸੰਗਠਨ ਸੌਮਵਾਰ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਹੱਲਾ ਬੋਲਣਗੇ। ਇਸ ਪ੍ਰਦਰਸ਼ਨ ਨੂੰ ‘ਦੇਸ਼ ਬਚਾਓ, ਯੁਵਾ ਬਚਾਓ’ ਦਾ ਨਾਂ ਦਿੱਤਾ ਗਿਆ ਹੈ ਜਿਸ ਵਿੱਚ ਬੇਰੁਜ਼ਗਾਰੀ, SSC ਇਮਤਿਹਾਨਾਂ ਵਿੱਚ ਗੜਬੜੀ, ਡੀਜ਼ਲ-ਪੈਟਰੋਲ ਦੇ ਮਹਿੰਗੇ ਰੇਟ, ਮਹਿੰਗਾਈ, ਰਾਫੇਲ ਸੌਦੇ ’ਚ ਘਪਲੇ ਆਦਿ ਮਾਮਲਿਆਂ ਸਬੰਧੀ ਵੱਡੀ ਗਿਣਤੀ ਨੌਜਵਾਨ ਮੰਡੀ ਹਾਊਸ ਤੋਂ ਜੰਤਰ-ਮੰਤਰ ਤਕ ਮਾਰਚ ਕੱਢਣਗੇ।

ਖ਼ਾਸ ਗੱਲ ਇਹ ਹੈ ਕਿ ਨੌਜਵਾਨ ਕਾਂਗਰਸ ਨੇ ਇਸ ਪ੍ਰਦਰਸ਼ਨ ਲਈ ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ, ਗੁਜਰਾਤ ਦੇ ਪਟੇਲ ਆਗੂ ਹਰਦਿਕ ਪਟੇਲ, ਪੱਛਮੀ ਯੂਪੀ ਦੇ ਨੌਜਵਾਨ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ ਨੂੰ ਵੀ ਬੁਲਾਇਆ ਸੀ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਮੋਦੀ ਖਿਲਾਫ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਖਾਸ ਦਿਲਚਸਪੀ ਨਹੀਂ ਦਿਖਾਈ। ਵੱਡੇ ਚਿਹਰਿਆਂ ਦੀ ਗੈਰਮੌਜੂਦਗੀ ਬਾਰੇ ਯੂਥ ਕਾਂਗਰਸ ਦੇ ਬੁਲਾਰੇ ਅਮਰੀਸ਼ ਰੰਜਨ ਪਾਂਡੇ ਨੇ ਕਿਹਾ ਕਿ ਅਹਿਮੀਅਤ ਚਿਹਰੇ ਦੇ ਮੁੱਦੇ ਦੀ ਨਹੀਂ ਹੈ, ਇਹ ਵਾਕਿਆ ਹੀ ਇਤਿਹਾਸਕ ਹੈ ਕਿ 14 ਪਾਰਟੀਆਂ ਦੇ ਨੌਜਵਾਨ ਸੰਗਠਨ ਦੇ ਲੋਕ ਇਕੱਠੇ ਹੋ ਕੇ ਸੜਕਾਂ ’ਤੇ ਉੱਤਰਨਗੇ।



ਦਰਅਸਲ ਕਾਂਗਰਸ, ਐਨਸੀਪੀ, ਸੀਪੀਆਈ, ਸਮਾਜਵਾਦੀ ਪਾਰਟੀ, ਆਰਜੇਡੀ, ਜੇਡੀਐਸ, ਨੈਸ਼ਨਲ ਕਾਨਫਰੰਸ ਸਮੇਤ ਲਗਭਗ 14 ਪਾਰਟੀਆਂ ਦੇ ਨੌਜਵਾਨਾਂ ਨੇ ਪਿਛਲੇ ਸਮੇਂ ਵਿਚ ਸੰਯੁਕਤ ਯੁਵਾ ਮੋਰਚਾ ਦੇ ਗਠਨ ਦਾ ਐਲਾਨ ਕੀਤਾ ਸੀ। ਸੋਮਵਾਰ ਨੂੰ ਇਸ ਫਰੰਟ ਦੇ ਲੀਡਰ ਤੇ ਵਰਕਰ ਪਹਿਲੀ ਵਾਰ ਸੜਕਾਂ ’ਤੇ ਉਤਰ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ।