ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਦਸ਼ਾ ਜਤਾਇਆ ਹੈ ਕਿ ਪਾਕਿਸਤਾਨ ਤੇ ਚੀਨ ਨੇ ਭਾਰਤੀ ਫ਼ੌਜ ਨੂੰ ਖ਼ਤਮ ਕਰਨ ਲਈ ਨਸ਼ੇ ਨੂੰ ਹਥਿਆਰ ਬਣਾ ਕੇ ਲੰਮੀ ਯੋਜਨਾ ਤਿਆਰ ਕੀਤੀ ਹੋਈ ਹੈ। ਸ਼ਨੀਵਾਰ ਨੂੰ ਕੌਮੀ ਰਾਜਧਾਨੀ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਇਸ ਦਾ ਪ੍ਰਗਟਾਵਾ ਕੀਤਾ।
ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਇੱਕ ਯੋਜਨਾਤਮਕ ਤਰੀਕੇ ਨਾਲ ਕੰਮ ਕਰ ਰਹੇ ਹਨ, ਜਿਸ ਨਾਲ ਉਹ ਲੰਮੇ ਸਮੇਂ ਵਿੱਚ ਭਾਰਤੀ ਫ਼ੌਜ ਨੂੰ ਤੇ ਉੱਤਰ ਭਾਰਤ ਦੇ ਨੌਜਵਾਨਾਂ ਨੂੰ ਖ਼ਤਮ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਭਾਰਤੀ ਫ਼ੌਜ ਦੀਆਂ ਦੋ ਤਿਹਾਈ ਰੈਜੀਮੈਂਟਸ ਉੱਤਰ ਭਾਰਤ ਤੋਂ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਤੇ ਚੀਨ ਉੱਤਰ ਭਾਰਤ ਦੀ ਜਵਾਨੀ ਨੂੰ ਹੀ ਬਰਬਾਦ ਕਰ ਵਿੱਚ ਰੁੱਝੇ ਹਨ ਤੇ ਸਾਡੇ ਨੌਜਵਾਨ ਹੀ ਸਿਹਤਮੰਦ ਨਹੀਂ ਤਾਂ ਭਾਰਤੀ ਫ਼ੌਜ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਲੰਮੀ ਯੋਜਨਾ ਤਹਿਤ ਪੰਜਾਬ ਵਿੱਚ ਨਸ਼ਾ ਭੇਜ ਰਿਹਾ ਹੈ ਤਾਂ ਜੋ ਇੱਥੋਂ ਦਾ ਨੌਜਵਾਨ ਨਸ਼ੇੜੀ ਹੋ ਜਾਵੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ੇ 'ਤੇ ਬਹੁਤ ਸਖ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਹੈਰੋਇਨ 1,200 ਰੁਪਏ ਫ਼ੀ ਗ੍ਰਾਮ ਦੇ ਹਿਸਾਬ ਨਾਲ ਮਿਲਦੀ ਸੀ, ਹੁਣ ਇਸ ਦੀ ਕਮੀ ਕਾਰਨ ਕੀਮਤ 6,000 ਰੁਪਏ ਪ੍ਰਤੀ ਗ੍ਰਾਮ ਤਕ ਪਹੁੰਚ ਗਈ ਹੈ।