Kanchanjungha Express Collides With Goods Train: ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਇੱਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ (13174) ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੰਚਨਜੰਗਾ ਐਕਸਪ੍ਰੈਸ ਦੇ ਤਿੰਨ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹੁਣ ਤੱਕ ਦੋ ਲੋਕੋ ਪਾਇਲਟਾਂ ਤੇ ਇੱਕ ਗਾਰਡ ਸਮੇਤ 15 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 60 ਜ਼ਖਮੀ ਹਨ।


ਹਾਸਲ ਜਾਣਕਾਰੀ ਮੁਤਾਬਕ ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਸੀ। ਐਕਸਪ੍ਰੈੱਸ ਟ੍ਰੇਨ ਰੈੱਡ ਸਿਗਨਲ ਕਰਕੇ ਸਿਲੀਗੁੜੀ ਦੇ ਰੰਗਾਪਾਨੀ ਸਟੇਸ਼ਨ ਨੇੜੇ ਰੁਈਧਾਸਾ 'ਚ ਰੁਕੀ ਹੋਈ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਪਾਇਲਟ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।


ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈੱਸ ਟ੍ਰੇਨ ਦਾ ਇੱਕ ਡੱਬਾ ਮਾਲ ਗੱਡੀ ਦੇ ਇੰਜਣ 'ਤੇ ਹਵਾ 'ਚ ਲਟਕ ਗਿਆ। ਬਾਕੀ ਦੋ ਡੱਬੇ ਪਟੜੀ ਤੋਂ ਉੱਤਰ ਗਏ। NDRF ਤੇ SDRF ਸਮੇਤ ਰੇਲਵੇ ਤੇ ਬੰਗਾਲ ਦੇ ਅਧਿਕਾਰੀ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ।


ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਸੀਪੀਆਰਓ ਸਬਿਆਸਾਚੀ ਡੇ ਨੇ ਕਿਹਾ, ਜਿਸ ਟ੍ਰੈਕ 'ਤੇ ਹਾਦਸਾ ਹੋਇਆ ਹੈ, ਉਸ ਨੂੰ ਰਾਤ ਤੱਕ ਚਾਲੂ ਕਰ ਦਿੱਤਾ ਜਾਵੇਗਾ। ਡਾਊਨ ਕੰਚਨਜੰਗਾ ਐਕਸਪ੍ਰੈਸ ਰਾਤ ਨੂੰ ਚੱਲੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਿੱਲੀ ਤੋਂ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ।


 


ਹਾਦਸੇ ਤੋਂ ਬਾਅਦ ਦੀ ਵੀਡੀਓ ਸਾਹਮਣੇ ਆਈ ਹੈ।






ਮਮਤਾ ਬੈਨਰਜੀ ਨੇ ਦੁੱਖ ਪ੍ਰਗਟ ਕੀਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ਦਾਰਜੀਲਿੰਗ ਜ਼ਿਲ੍ਹੇ ਦੇ ਫਾਂਸੀਦੇਵਾ ਇਲਾਕੇ ਵਿੱਚ ਹੁਣੇ ਇੱਕ ਦਰਦਨਾਕ ਰੇਲ ਹਾਦਸੇ ਦੀ ਖ਼ਬਰ ਸੁਣ ਕੇ ਮੈਂ ਦੁਖੀ ਹਾਂ। ਹੋਰ ਜਾਣਕਾਰੀ ਦੀ ਅਜੇ ਉਡੀਕ ਹੈ। ਕੰਚਨਜੰਗਾ ਐਕਸਪ੍ਰੈਸ ਮਾਲ ਗੱਡੀ ਨਾਲ ਟਕਰਾ ਗਈ। ਡੀਐਮ, ਐਸਪੀ, ਡਾਕਟਰ, ਐਂਬੂਲੈਂਸ ਤੇ ਡਿਜ਼ਾਸਟਰ ਟੀਮਾਂ ਨੂੰ ਮਦਦ ਲਈ ਮੌਕੇ 'ਤੇ ਭੇਜਿਆ ਗਿਆ ਹੈ। ਬਚਾਅ ਕਾਰਜ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Punjab Tourist death: ਹਿਮਾਚਲ ਘੁੰਮਣ ਗਏ ਪੰਜਾਬੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ!