Kulgam Encounter: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਖਾਤਮਾ ਕਰਨ 'ਚ ਲੱਗੇ ਭਾਰਤੀ ਸੁਰੱਖਿਆ ਬਲਾਂ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਕਸ਼ਮੀਰ ਦੇ ਕੁਲਗਾਮ 'ਚ ਅੱਜ ਸਵੇਰੇ ਚੱਲ ਰਹੇ ਮੁਕਾਬਲੇ 'ਚ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਹੈਦਰ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਦੋਵਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ ਹੋਇਆ ਹੈ। ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਮੁਕਾਬਲਾ ਪੂਰਾ ਹੋਣ ਅਤੇ ਦੋਨਾਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਕੁਲਗਾਮ ਦੇ ਦੇਵਸਰ ਦੇ ਚੀਆਨ ਇਲਾਕੇ 'ਚ ਐਤਵਾਰ ਸਵੇਰੇ ਸ਼ੁਰੂ ਹੋਇਆ ਮੁਕਾਬਲਾ ਖਤਮ ਹੋ ਗਿਆ ਹੈ। ਇਸ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਮਾਰੇ ਗਏ ਦੋ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ ਰਹਿਣ ਵਾਲੇ ਹੈਦਰ ਵਜੋਂ ਹੋਈ ਹੈ। ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੀ। ਮੁਕਾਬਲੇ 'ਚ ਮਾਰਿਆ ਗਿਆ ਦੂਜਾ ਅੱਤਵਾਦੀ ਸਥਾਨਕ ਹੈ ਅਤੇ ਉਸ ਦੀ ਪਛਾਣ ਕੁਲਮਾਗ ਦੇ ਰਹਿਣ ਵਾਲੇ ਸ਼ਾਹਬਾਜ਼ ਸ਼ਾਹ ਵਜੋਂ ਹੋਈ ਹੈ।



ਫੌਜ ਦੇ ਸੂਤਰਾਂ ਨੇ ਦੱਸਿਆ ਕਿ ਹੈਦਰ ਪਿਛਲੇ ਦੋ ਸਾਲਾਂ ਤੋਂ ਕਸ਼ਮੀਰ ਘਾਟੀ ਵਿੱਚ ਸਰਗਰਮ ਸੀ। ਉਸ ਨੇ ਕਈ ਅੱਤਵਾਦੀ ਕਾਰਵਾਈਆਂ ਕੀਤੀਆਂ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਕੁਲਗਾਮ ਇਲਾਕੇ 'ਚ ਸ਼ਾਂਤੀ ਅਤੇ ਵਿਵਸਥਾ ਕਾਇਮ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਕੁਲਗਾਮ ਪੁਲਿਸ ਨੂੰ ਦੇਵਸਰ ਦੇ ਚੀਆਨ ਨਾਂ ਦੇ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਕੁਲਗਾਮ ਪੁਲਿਸ ਨੇ ਸੈਨਾ ਅਤੇ ਸੀਆਰਪੀਐਫ ਦੇ ਨਾਲ ਮਿਲ ਕੇ ਐਤਵਾਰ ਤੜਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਤਲਾਸ਼ੀ ਮੁਹਿੰਮ ਦੌਰਾਨ ਇਕ ਥਾਂ 'ਤੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਜਿਵੇਂ-ਜਿਵੇਂ ਗੋਲੀਬਾਰੀ ਜਾਰੀ ਰਹੀ, ਫ਼ੌਜੀਆਂ ਨੇ ਚਾਰੋਂ ਪਾਸਿਓਂ ਘੇਰਾਬੰਦੀ ਕਰਕੇ ਕਾਰਵਾਈ ਜਾਰੀ ਰੱਖੀ। ਕਾਫੀ ਮਿਹਨਤ ਤੋਂ ਬਾਅਦ ਦੋਵਾਂ ਨੂੰ ਢੇਰ ਕੀਤਾ ਗਿਆ। ਮੁੱਠਭੇੜ ਖਤਮ ਹੋਣ ਤੋਂ ਬਾਅਦ ਅਹਿਤਿਆਤ ਵਜੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।