ਚੰਡੀਗੜ੍ਹ: ਭਾਰਤ ਦੇ ਇੱਕ ਥਿੰਕ ਟੈਂਕ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਰੀਬ ਦੋ ਕਰੋੜ ਅਜਿਹੇ ਵਾਹਨ ਹਨ, ਜਿਨ੍ਹਾਂ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਸੀ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੀ ਨਵੀਂ ਰਿਪੋਰਟ ਮੁਤਾਬਕ ਹਰ ਸਾਲ ਦੋ ਅਰਬ ਆਲਮੀ ਵਾਹਨਾਂ ਦੇ ਬੇੜੇ ਵਿੱਚੋਂ ਚਾਰ ਕਰੋੜ ਤੋਂ ਵੱਧ ਵਾਹਨਾਂ ਦਾ ਚਾਰ ਫੀਸਦੀ ਹਿੱਸਾ ਬੇਕਾਰ ਹੋ ਜਾਂਦਾ ਹੈ। ਰਿਪੋਰਟ ਮੁਤਾਬਕ ਭਾਰਤ ਵਰਗੇ ਵਾਹਨ ਉਤਪਾਦਕ ਦੇਸ਼ਾਂ ਸਣੇ ਸਮੁੱਚੀ ਵਿਕਾਸਸ਼ੀਲ ਦੁਨੀਆ ਜਿਸ ਗਤੀ ਨਾਲ ਵਾਹਨਾਂ ਦੇ ਇਸਤੇਮਾਲ ਕਰ ਰਹੀ ਹੈ, ਅਜਿਹੇ ਵਾਹਨਾਂ ਦੇ ਜ਼ਖੀਰੇ ਨੂੰ ਨਸ਼ਟ ਕਰਨਾ ਇੱਕ ਚੁਣੌਤੀ ਦੇ ਤੌਰ ’ਤੇ ਉੱਭਰਿਆ ਹੈ। ਵਾਹਨ ਉਤਪਾਦਨ ਕਰਨ ਵਾਲੇ ਵਿਕਾਸਸ਼ੀਲ ਦੇਸ਼ਾਂ (ਜਿਵੇਂ ਭਾਰਤ) ਤੇ ਇਨ੍ਹਾਂ ਦੇ ਇਸਤੇਨਮਾਲ ਦੀ ਪ੍ਰਵਿਰਤੀ ਵਿੱਚ ਆਈ ਤੇਜ਼ੀ ਨੂੰ ਵੇਖਦਿਆਂ ਵਾਹਨਾਂ ਨੂੰ ਨਸ਼ਟ ਕਰਨ ਦੇ ਨਿਯਮ ਤੇ ਬਹੁਮੁੱਲੀ ਸਮੱਗਰੀ ਨੂੰ ਮੁੜ ਪ੍ਰਾਪਤ ਕਰਨ ਦੀ ਬਹੁਤ ਲੋੜ ਹੈ। ਸੀਐਸਆਈ ਵਿੱਚ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਕਿਹਾ ਕਿ ਭਾਰਤ ਸਰਕਾਰ ਇੱਕ ਸਕਰੈਪੇਜ (ਵਾਹਨਾਂ ਨੂੰ ਨਸ਼ਟ ਕਰਨਾ) ਨੀਤੀ ਲਿਆ ਰਹੀ ਹੈ ਪਰ ਸਾਡੇ ਕੋਲ ਅਜੇ ਵੀ ਐਂਡ ਆਫ ਲਾਈਫ ਰੈਗੂਲੇਸ਼ਨ (ਵਾਹਨਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੇ ਨਿਯਮ) ਨਹੀਂ ਹੈ। ਭਾਰਤ ਨੂੰ ਇਸ ਦੀ ਬੇਹੱਦ ਲੋੜ ਹੈ। 2015 ਤਕ ਭਾਰਤ ਵਿੱਚ ਦੋ ਕਰੋੜ ਵਾਹਨ ਹੋ ਗਏ ਹਨ, ਜਿਨ੍ਹਾਂ ਨੂੰ ਨਸ਼ਟ ਕਰਨਾ ਲਾਜ਼ਮੀ ਹੋ ਗਿਆ ਹੈ।