ਕੋਰੋਨਾ ਵਾਇਰਸ ਦਾ ਰੋਜ਼ਗਾਰ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਤੇ ਕਈ ਕੰਪਨੀਆਂ ਨੇ ਕਰਮਚਾਰੀਆਂ ਦੀ ਤਨਖ਼ਾਹ 'ਚ ਕਟੌਤੀ ਕੀਤੀ ਹੈ। ਅਜਿਹੇ 'ਚ ਹੁਣ ਆਨਲਾਇਨ ਕੈਬ ਸਰਵਿਸ ਦੇਣ ਵਾਲੀ ਉਬਰ ਨੇ ਆਪਣੇ 14 ਫੀਸਦ ਯਾਨੀ 3,700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਓਬਰ ਨੇ ਇਨ੍ਹਾਂ ਕਰਮਚਾਰੀਆਂ ਨੂੰ ਇਕ ਵੀਡੀਓ ਕਾਲ ਜ਼ਰੀਏ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਇਸ ਤੋਂ ਬਚਣ ਲਈ ਉਬਰ ਨੇ ਕਰਮਚਾਰੀਆਂ ਨੂੰ ਕਿਹਾ ਕਿ ਹੁਣ ਉਨ੍ਹਾਂ ਦੀ ਲੋੜ ਨਹੀਂ ਹੈ। ਜਿਸ ਤੋਂ ਬਾਅਦ ਉਬਰ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉਬਰ ਗ੍ਰਾਹਕ ਸੇਵਾ ਦੇ ਮੁਖੀ ਰਫ਼ਿਲ ਸ਼ੇਵਲਾਅ ਨੇ ਆਪਣੇ ਕਰਮਚਾਰੀਆਂ ਨੂੰ ਕੱਢਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਅਸੀਂ 3,700 ਫਰੰਟਲਾਇਨ ਕਰਮਚਾਰੀਆਂ ਨੂੰ ਕੱਢ ਰਹੇ ਹਾਂ। ਤੁਹਾਡਾ ਕੰਮ ਪ੍ਰਭਾਵਿਤ ਹੋਇਆ ਹੈ ਤੇ ਅੱਜ ਤੁਹਾਡਾ ਉਬਰ ਨਾਲ ਕੰਮ ਕਰਨ ਦਾ ਆਖਰੀ ਦਿਨ ਹੈ।
ਹਾਲਾਂਕਿ ਉਨ੍ਹਾਂ ਉਬਰ ਨਾਲ ਜੁੜੇ ਰਹਿਣ ਲਈ ਆਪਣੇ ਕਰਮਚਾਰੀਆਂ ਦਾ ਸ਼ੁਕਰੀਆ ਵੀ ਕੀਤਾ। ਉਬਰ ਮੁਤਾਬਕ ਉਨ੍ਹਾਂ ਦਾ ਕੈਬ ਸਰਵਿਸ ਬਿਜ਼ਨਸ ਲਗਪਗ ਅੱਧਾ ਰਹਿ ਗਿਆ ਹੈ। ਉਬਰ ਨੂੰ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ 2.9 ਅਰਬ ਡਾਲਰ ਦਾ ਘਾਟਾ ਪਿਆ ਹੈ। ਕੰਪਨੀ ਨੇ ਆਪਣੀ ਬਾਇਕ ਤੇ ਸਕੂਟਰ ਦਾ ਕਾਰੋਬਾਰ ਵੀ ਬੰਦ ਕਰ ਦਿੱਤਾ ਹੈ।
ਕੰਪਨੀ ਨੇ ਰਵੱਈਏ ਦੀ ਕਈ ਕਰਮਚਾਰੀਆਂ ਨੇ ਨਿੰਦਾ ਕੀਤੀ ਤੇ ਕਿਹਾ ਕਿ ਕੰਪਨੀ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ। ਅਚਾਨਕ ਕਾਲ ਕਰਕੇ 3,700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਸਹੀ ਨਹੀਂ ਹੈ। ਕੱਢੇ ਗਏ ਕਈ ਕਰਮਚਾਰੀਆਂ ਨੂੰ ਕੁਝ ਪੈਸੇ ਵੀ ਮਿਲੇ ਹਨ।
ਇਹ ਵੀ ਪੜ੍ਹੋ: ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ