ਮੁੰਬਈ: ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਭਾਜਪਾ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਾਨੂੰ ਦੇਸ਼ ਭਗਤੀ ਨਾ ਸਿਖਾਈ ਜਾਵੇ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਆਪਣੀ ਪਾਰਟੀ ਦੀ ਦੁਸ਼ਹਿਰਾ ਰੈਲੀ 'ਚ ਉਨ੍ਹਾਂ ਕਿਹਾ ਕਿ ਸਾਨੂੰ ਭਾਜਪਾ ਦੇਸ਼ ਭਗਤੀ ਨਾ ਸਿਖਾਵੇ। ਫਿਲਹਾਲ ਉਹ ਦਿਨ ਨਹੀਂ ਆਇਆ ਕਿ ਭਾਜਪਾ ਸਾਨੂੰ ਸਿਖਾਵੇ। ਉਨ੍ਹਾਂ ਕਿਹਾ ਕਿ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਨੋਟਬੰਦੀ ਦਾ ਸਮਰਥਨ ਕਰਦੇ ਹਨ ਉਹ ਦੇਸ਼ ਭਗਤ ਹਨ ਅਤੇ ਜਿਹੜੇ ਇਸ ਦਾ ਵਿਰੋਧ ਕਰਦੇ ਹਨ ਉਹ ਦੇਸ਼ਧ੍ਰੋਹੀ। ਉਹ ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਪੰਜ ਸੌ ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਜ਼ਿਕਰ ਕਰ ਰਹੇ ਸਨ। ਊਧਵ ਨੇ ਸ਼ਿਵ ਸੈਨਿਕਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ 'ਤੇ ਨਿੱਜੀ ਹਮਲੇ ਕਰਨ ਤੋਂ ਬਚਿਆ ਜਾਵੇ। ਸ਼ਿਵ ਸੈਨਾ ਨੇਤਾ ਨੇ ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਨਾਲ ਜਪਾ ਦੇ ਸੱਤਾ ਸਾਂਝਾ ਕਰਨ ਵੱਲ ਵੀ ਇਸ਼ਾਰਾ ਕੀਤਾ ਸੀ। ਉਨ੍ਹਾਂ ਪੁੱਛਿਆ- ਕਸ਼ਮੀਰ 'ਚ ਤੁਹਾਡਾ (ਭਾਜਪਾ) ਪੀ.ਡੀ.ਪੀ. ਨਾਲ ਕਿਹੋ ਜਿਹੇ ਵਿਚਾਰਕ ਸਬੰਧ ਹਨ? ਜੰਮੂ-ਕਸ਼ਮੀਰ ਦਾ ਖ਼ਾਸ ਦਰਜਾ ਕਿਉਂ ਨਹੀਂ ਖ਼ਤਮ ਕੀਤਾ ਗਿਆ? ਊਧਵ ਨੇ ਕਿਹਾ- ਅਸੀਂ ਹਿੰਦੂਤਵ ਲਈ ਭਾਜਪਾ ਦੇ ਨਾਲ ਗਠਜੋੜ ਕੀਤਾ ਹੈ। ਉਸ ਵੇਲੇ ਜਦੋਂ ਹਿੰਦੁਤਵ ਨੂੰ ਅਲਗ ਸ਼ਬਦ ਮੰਨਿਆ ਜਾਂਦਾ ਸੀ। ਜੇਕਰ ਭਾਜਪਾ ਨੂੰ ਲਗਦਾ ਹੈ ਕਿ ਸਾਡੀ ਕੋਈ ਅਹਿਮੀਅਤ ਨਹੀਂ ਤਾਂ ਅਸੀਂ ਵੇਖਾਂਗੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਹਿੰਦੂਤਵ ਦੀ ਪਰਿਭਾਸ਼ਾ ਕੀ ਹੈ? ਮੋਦੀ ਦੇ ਵੱਡੇ ਪ੍ਰੋਜੈਕਟਾਂ ਦਾ ਵਿਰੋਧ ਕਰਦੇ ਹੋਏ ਊਧਵ ਨੇ ਕਿਹਾ- ਬੁਲੇਟ ਟ੍ਰੇਨ ਕੌਨ ਚਾਹੁੰਦਾ ਹੈ? ਪਹਿਲੇ ਰੇਲ ਢਾਂਚੇ 'ਚ ਸੁਧਾਰ ਕਰੋ। ਪੈਟ੍ਰੋਲ ਅਤੇ ਡੀਜਲ ਦੀ ਜ਼ਿਆਦਾ ਕੀਮਤਾਂ 'ਤੇ ਉਧਵ ਨੇ ਕਿਹਾ- ਸਰਕਾਰ ਕਹਿੰਦੀ ਹੈ ਕਿ ਜੀ.ਐਸ.ਟੀ. ਨਾਲ ਟੈਕਸ ਬਰਾਬਰ ਹੋਣਗੇ ਪਰ ਹੋਏ ਕਿੱਥੇ? ਪਾਕਿਸਤਾਨ 'ਚ ਵੀ ਸਾਡੇ ਨਾਲੋਂ ਸਸਤਾ ਪੈਟ੍ਰੋਲ ਵਿਕਦਾ ਹੈ।