ਨਵੀਂ ਦਿੱਲੀ: ਹੁਣ ਤੁਹਾਡਾ ਚਿਹਰਾ ਬਣੇਗਾ ਆਧਾਰ ਵੈਰੀਫਿਕੇਸ਼ਨ ਦਾ ਜ਼ਰੀਆ। ਆਧਾਰ ਜਾਰੀ ਕਰਨ ਵਾਲੀ ਸੰਸਥਾ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਨੇ ਲੋਕਾਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਵਜੋਂ ਵੈਰੀਫਿਕੇਸ਼ਨ ਦਾ ਨਵਾਂ ਜ਼ਰੀਆ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਫੇਸ ਰਿਕੋਗਨੀਸ਼ਨ ਨਾਲ ਫ਼ੋਨ ਅਨਲੌਕ ਵਾਲੀ ਤਕਨੀਕ ਨੂੰ iPhone X ਵਿੱਚ ਵੀ ਵਰਤਿਆ ਗਿਆ ਸੀ ਤੇ ਆਧਾਰ ਵਿੱਚ ਵੀ ਕੁਝ ਇਹੋ ਜਿਹੀ ਤਕਨੀਕ ਵਰਤਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਆਧਾਰ ਦੀ ਵੈਰੀਫਿਕੇਸ਼ਨ ਲਈ ਉਂਗਲੀਆਂ ਦੇ ਨਿਸ਼ਾਨ ਦੇ ਨਾਲ ਨਾਲ ਅੱਖਾਂ ਦੀਆਂ ਪੁਤਲੀਆਂ ਤੋਂ ਕੀਤੀ ਜਾ ਸਕਦੀ ਸੀ। ਹੁਣ ਇਸ ਵਿੱਚ ਨਵਾਂ ਵਿਕਲਪ ਯਾਨੀ ਚਿਹਰੇ ਦੀ ਪਛਾਣ ਰਾਹੀਂ ਵੀ ਆਧਾਰ ਦੀ ਵੈਰੀਫਿਕੇਸ਼ਨ ਹੋ ਸਕਦੀ ਹੈ। ਯੂ.ਆਈ.ਡੀ.ਏ.ਆਈ. ਇਸ ਤਕਨੀਕ ਨੂੰ ਅਮਲੀ ਤੌਰ 'ਤੇ ਮਾਰਚ ਮਹੀਨੇ ਤੋਂ ਲਾਗੂ ਕਰਨ ਦੇ ਰੌਂਅ ਵਿੱਚ ਹੈ। 12 ਅੰਕਾਂ ਵਾਲਾ ਵੱਖਰਾ ਪਛਾਣ ਪੱਤਰ ਆਧਾਰ, ਹੁਣ ਤਕ 117 ਕਰੋੜ ਲੋਕਾਂ ਨੂੰ ਜਾਰੀ ਹੋ ਚੁੱਕਾ ਹੈ ਤੇ ਇਨ੍ਹਾਂ ਵਿੱਚੋਂ 1510 ਕਰੋੜ ਦੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ। ਸਰਕਾਰ ਦਾ ਇਹ ਦਾਅਵਾ ਹੈ ਕਿ ਰਸੋਈ ਗੈਸ ਦੀ ਸਬਸਿਡੀ ਵਰਗੀਆਂ ਸਕੀਮਾਂ ਤਹਿਤ ਸਿੱਧੇ ਬੈਂਕ ਖਾਤਿਆਂ ਵਿੱਚ ਲਾਭ ਰਾਸ਼ੀ ਭੇਜਣ ਨਾਲ 50 ਹਜ਼ਾਰ ਕਰੋੜ ਦੀ ਬੱਚਤ ਹੋਈ ਹੈ। ਸਰਕਾਰ ਇਸੇ ਲਈ ਹਰ ਥਾਂ 'ਤੇ ਆਧਾਰ ਨੂੰ ਲਾਜ਼ਮੀ ਬਣਾ ਰਹੀ ਹੈ। ਇਸ ਦੇ ਉਲਟ ਆਧਾਰ ਤੋਂ ਹਰ ਵਿਅਕਤੀ ਦੀ ਨਿਜੀ ਜਾਣਕਾਰੀ ਲੀਕ ਹੋਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਆਧਾਰ ਦਾ ਡੇਟਾ 500 ਰੁਪਏ ਵਿੱਚ ਲੀਕ ਹੋਣ ਬਾਰੇ ਖ਼ਬਰ ਪ੍ਰਕਾਸ਼ਿਤ ਟ੍ਰਿਬੀਊਨ ਅਖ਼ਬਾਰ ਤੇ ਪੱਤਰਕਾਰ ਰਚਨਾ ਖਹਿਰਾ ਵਿਰੁੱਧ ਕੇਸ ਵੀ ਦਰਜ ਹੋ ਚੁੱਕਾ ਹੈ। ਅਥਾਰਿਟੀ ਦਾ ਇਹ ਐਲਾਨ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਠੀਕ 24 ਘੰਟਿਆਂ ਤੋਂ ਪਹਿਲਾਂ ਆਇਆ ਹੈ। ਸੁਪਰੀਮ ਕੋਰਟ ਵਿੱਚ ਕਿਨ੍ਹਾਂ ਕਾਰਨਾਂ ਕਰ ਕੇ ਆਧਾਰ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ, ਸਬੰਧੀ ਕਈ ਜਨਹਿਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਅਦਾਲਤ ਵਿੱਚ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਮਿਲਾ ਕੇ ਇੱਕ ਕਰ ਦਿੱਤਾ ਹੈ ਤੇ ਇਸ ਦੀ ਸੁਣਵਾਈ ਕੱਲ੍ਹ ਯਾਨੀ ਮੰਗਲਵਾਰ ਨੂੰ ਹੋਵੇਗੀ।