ਨਵੀਂ ਦਿੱਲੀ: ਬ੍ਰਿਟੇਨ ਨੇ ਹਾਲ ਹੀ ਵਿੱਚ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀਆਂ ਚਿੰਤਾਵਾਂ ਦੇ ਵਿਚਕਾਰ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾਈ ਹੈ। ਹੁਣ ਏਅਰ ਇੰਡੀਆ ਨੇ 24 ਤੋਂ 30 ਅਪ੍ਰੈਲ ਤੱਕ ਬ੍ਰਿਟੇਨ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਇਹ ਜਾਣਕਾਰੀ ਦਿੱਤੀ ਹੈ।


ਏਅਰ ਇੰਡੀਆ ਨੇ ਕਿਹਾ, “ਜਿਨ੍ਹਾਂ ਯਾਤਰੀਆਂ ਨੇ ਭਾਰਤ ਤੇ ਬ੍ਰਿਟੇਨ ਦਰਮਿਆਨ ਯਾਤਰਾ ਕਰਨੀ ਸੀ, ਉਹ ਨੋਟ ਕਰਨ ਕਿ ਯੂਕੇ ਵੱਲੋਂ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਕਾਰਨ ਯੂਕੇ ਜਾਣ ਵਾਲੀਆਂ ਸਾਰੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਨਵੀਂ ਯਾਤਰਾ ਦੀ ਨਵੀਂ ਜਾਣਕਾਰੀ ਜਲਦੀ ਦਿੱਤੀ ਜਾਵੇਗੀ।"



ਇਸ ਦੇ ਨਾਲ ਹੀ ਦੱਸ ਦਈਏ ਕਿ ਬ੍ਰਿਟੇਨ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ‘ਰੈੱਡ ਲਿਸਟ’ ਵਿੱਚ ਪਾ ਦਿੱਤਾ ਹੈ, ਜਿਸ ਤਹਿਤ ਭਾਰਤ ਤੋਂ ਆਏ ਗੈਰ-ਬ੍ਰਿਟਿਸ਼ ਤੇ ਆਇਰਿਸ਼ ਨਾਗਰਿਕਾਂ ਦੀ ਬ੍ਰਿਟੇਨ ਐਂਟਰੀ 'ਤੇ ਪਾਬੰਦੀ ਰਹੇਗੀ। ਨਾਲ ਹੀ, ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਬ੍ਰਿਟੇਨਜ਼ ਨੂੰ ਹੋਟਲ ਵਿੱਚ 10 ਦਿਨਾਂ ਲਈ ਕੁਆਰੰਟੀਨ ਰਹਿਣਾ ਲਾਜ਼ਮੀ ਕੀਤਾ ਗਿਆ ਹੈ।


ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਵਧਾਨੀ ਵਜੋਂ ਭਾਰਤ ਨੂੰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਮਹਾਂਮਾਰੀ ਦੀ ਦੂਸਰੀ ਲਹਿਰ ਦੀ ਗੰਭੀਰਤਾ ਦੇ ਮੱਦੇਨਜ਼ਰ ਆਪਣੀ ਭਾਰਤ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਯਾਤਰਾ ਅਗਲੇ ਹਫਤੇ 26 ਅਪ੍ਰੈਲ ਨੂੰ ਤਹਿ ਕੀਤੀ ਗਈ ਸੀ।


ਦੱਸ ਦਈਏ ਇਸ ਤੋਂ ਪਹਿਲਾਂ ਜੌਨਸਨ ਦੀ ਭਾਰਤ ਯਾਤਰਾ ਜਨਵਰੀ ਵਿਚ ਹੋਣੀ ਸੀ, ਪਰ ਉਸ ਸਮੇਂ ਬ੍ਰਿਟੇਨ 'ਚ ਲੌਕਡਾਊਨ ਲੱਗ ਗਿਆ ਤੇ ਉਸ ਦੀ ਭਾਰਤ ਯਾਤਰਾ ਮੁਲਤਵੀ ਕਰ ਦਿੱਤੀ ਗਈ।


ਇਹ ਵੀ ਪੜ੍ਹੋ: ਕੋਰੋਨਾ ਨਾਲ ਲੜਾਈ ਲਈ Tata Group ਦਾ ਵੱਡਾ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904