ਪੁਣੇ: ਪੁਣੇ ਦੀ ਸਵਿਤਰੀ ਬਾਈ ਫੁਲੇ ਯੂਨੀਵਰਸਿਟੀ ਆਪਣੇ ਸਰਕੂਲਰ ਦੇ ਕਾਰਨ ਸੁਰਖੀਆਂ ਵਿਚ ਹੈ। ਪੁਣੇ ਯੂਨੀਵਰਸਿਟੀ ਦੇ ਇਸ ਸਰਕੂਲਰ ਮੁਤਾਬਿਕ ਹੁਣ ਵਿਦਿਆਰਥੀਆਂ ਨੂੰ ਸ਼ਾਕਾਹਾਰੀ ਹੋਣ ਜਾਂ ਨਾ ਹੋਣ ਦੇ ਆਧਾਰ 'ਤੇ ਗੋਲਡ ਮੈਡਲ ਦਿੱਤਾ ਜਾਵੇਗਾ। ਯੂਨੀਵਰਸਿਟੀ ਵਲੋਂ ਗੋਲਡ ਮੈਡਲ ਪਾਉਣ ਦੀਆਂ ਸ਼ਰਤਾਂ 'ਚ ਸ਼ਾਕਾਹਾਰੀ ਹੋਣਾ, ਭਾਰਤੀ ਸੰਸਕ੍ਰਿਤੀ ਦਾ ਸਮਰਥਕ ਹੋਣਾ ਆਦਿ ਸ਼ਾਮਲ ਹੈ। ਸਰਕੂਲਰ ਮੁਤਾਬਿਕ 10 ਅਜਿਹੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਜੋ ਮਹਾਂਰਿਸ਼ੀ ਕੀਰਤਕਰ ਸ਼ੇਲਾਰ ਗੋਲਡ ਮੈਡਲ ਲਈ ਪਾਤਰਤਾ ਤੈਅ ਕਰਦੇ ਹਨ। ਇਨ੍ਹਾਂ 'ਚ ਸ਼ਾਕਾਹਾਰੀ ਹੋਣ ਦੀ ਸ਼ਰਤ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਰਾਬ ਨਾ ਪੀਣਾ, ਯੋਗ ਕਰਨਾ ਆਦਿ ਵੀ ਸ਼ਾਮਲ ਹੈ। ਇਸ ਸਰਕੂਲਰ ਦਾ ਵਿਦਿਆਰਥੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਨੇ ਇਸ ਸਰਕੂਲਰ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਕੋਈ ਕੀ ਖਾਂਦਾ ਹੈ, ਇਹ ਉਸ ਦਾ ਆਪਣਾ ਫੈਸਲਾ ਹੋਣਾ ਚਾਹੀਦਾ ਹੈ, ਯੂਨੀਵਰਸਿਟੀ ਨੂੰ ਕੇਵਲ ਪੜਾਈ 'ਤੇ ਧਿਆਨ ਦੇਣਾ ਚਾਹੀਦਾ ਹੈ।