ਯੂਪੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਇਤਿਹਾਸ ਰਚੇਗਾ ,ਕਿਉਂਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਚੌਥੇ ਦਿਨ ਵੀਰਵਾਰ ਨੂੰ ਦੋਵਾਂ ਸਦਨਾਂ 'ਚ ਅੱਜ ਪਹਿਲੀ ਵਾਰ ਸਿਰਫ਼ ਮਹਿਲਾਵਾਂ ਦੀ ਆਵਾਜ਼ ਗੂੰਜੇਗੀ। ਸਦਨ ਦੀ ਕਾਰਵਾਈ ਦਾ ਪੂਰਾ ਦਿਨ ਔਰਤਾਂ ਦੇ ਨਾਂ 'ਤੇ ਹੋਵੇਗਾ। ਅੱਜ ਮਹਿਲਾਵਾਂ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਸਿਹਤ, ਸਿੱਖਿਆ, ਸਮਾਜਿਕ ਸਥਿਤੀ ਅਤੇ ਲਿੰਗ ਭੇਦ-ਭਾਵ ਆਦਿ ਵਿਸ਼ੇ ’ਤੇ ਹੀ ਚਰਚਾ ਹੋਵੇਗੀ।

ਅੱਜ ਸਿਰਫ਼ ਮਹਿਲਾ ਵਿਧਾਇਕ ਹੀ ਸਦਨ ਵਿੱਚ ਬੋਲਣਗੀਆਂ, ਔਰਤਾਂ ਦੇ ਮੁੱਦੇ ਉੱਠਣਗੇ। ਪ੍ਰਸ਼ਨ ਕਾਲ ਤੋਂ ਬਾਅਦ ਸਦਨ ਵਿੱਚ ਸਿਰਫ਼ ਮਹਿਲਾ ਵਿਧਾਇਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਹਾਲਾਂਕਿ ਉਸ ਦਿਨ ਸਾਰੇ ਵਿਧਾਇਕ ਸਦਨ 'ਚ ਮੌਜੂਦ ਰਹਿਣਗੇ ਪਰ ਸਿਰਫ ਮਹਿਲਾ ਵਿਧਾਇਕਾ ਨੂੰ ਹੀ ਬੋਲਣ ਦਾ ਮੌਕਾ ਮਿਲੇਗਾ।

 ਮਿਲੇਗਾ 3 ਤੋਂ 8 ਮਿੰਟ ਤੱਕ ਬੋਲਣ ਦਾ ਮੌਕਾ

ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵਿੱਚ ਸਾਰੀਆਂ ਪਾਰਟੀਆਂ ਦੀਆਂ ਮਹਿਲਾ ਵਿਧਾਇਕਾਂ ਵੱਲੋਂ ਇਸ ਦਿਨ ਬਾਰੇ ਚਰਚਾ ਕੀਤੀ ਗਈ ਸੀ ਤਾਂ ਜੋ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਵਿਰੋਧੀ ਧਿਰ ਵੀ ਇਸ ਵਿੱਚ ਸ਼ਾਮਲ ਹੋ ਸਕੇ। ਹਰ ਮਹਿਲਾ ਵਿਧਾਇਕ ਨੂੰ ਬੋਲਣ ਲਈ ਘੱਟੋ-ਘੱਟ 3 ਮਿੰਟ ਅਤੇ ਵੱਧ ਤੋਂ ਵੱਧ 8 ਮਿੰਟ ਦਿੱਤੇ ਜਾਣਗੇ। ਇਸ 'ਚ ਮਹਿਲਾ ਵਿਧਾਇਕਾਂ ਨੂੰ ਆਪਣੇ ਤੈਅ ਮੁੱਦੇ 'ਤੇ ਬੋਲਣਾ ਹੋਵੇਗਾ।

ਇਹ ਸ਼ਾਇਦ ਪਹਿਲੀ ਵਾਰ ਹੈ ਕਿ ਦੇਸ਼ ਦੀ ਕਿਸੇ ਵਿਧਾਨ ਸਭਾ ਵਿੱਚ ਅਜਿਹੀ ਪਹਿਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਉਨ੍ਹਾਂ ਨੂੰ ਸੁਣਨਗੇ। ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਕੋਈ ਵਿਧਾਨ ਸਭਾ ਇਸ ਤਰ੍ਹਾਂ ਦੀ ਪਹਿਲ ਕਰ ਰਹੀ ਹੈ। 47 ਮਹਿਲਾ ਵਿਧਾਇਕ ਹਨ।

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਹਿਲਾ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿੱਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਵਾਰ ਯੂਪੀ ਵਿਧਾਨ ਸਭਾ ਵਿੱਚ 47 ਮਹਿਲਾ ਵਿਧਾਇਕ ਜਿੱਤ ਕੇ ਵਿਧਾਨ ਸਭਾ ਪਹੁੰਚੀਆਂ ਹਨ। ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਵਿੱਚ ਮਹਿਲਾ ਵਿਧਾਇਕ ਚੋਣਾਂ ਜਿੱਤ ਕੇ ਵਿਧਾਨ ਸਭਾ ਵਿੱਚ ਨਹੀਂ ਪਹੁੰਚੀਆਂ ਸਨ।

ਹਾਲਾਂਕਿ ਸਪਾ ਦੇ ਕੁਝ ਵਿਧਾਇਕਾਂ ਨੇ ਸਪੀਕਰ ਦੇ ਇਸ ਐਲਾਨ 'ਤੇ ਉਨ੍ਹਾਂ ਦੇ ਸਵਾਲ ਉਠਾਉਣ ਦੀ ਬੇਨਤੀ ਕੀਤੀ ਪਰ ਸਪੀਕਰ ਨੇ ਇਸ ਨੂੰ ਠੁਕਰਾ ਦਿੱਤਾ। ਇਸ ਦੇ ਨਾਲ ਹੀ ਸਪੀਕਰ ਨੇ ਵਿਧਾਇਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਵੀਰਵਾਰ ਨੂੰ ਵਿਜ਼ਟਰਜ਼ ਗੈਲਰੀ ਲਈ ਸਿਰਫ਼ ਔਰਤਾਂ ਨੂੰ ਹੀ ਪਾਸ ਜਾਰੀ ਕੀਤੇ ਜਾਣਗੇ, ਇਸ ਲਈ ਵਿਧਾਇਕ ਕਿਸੇ ਵੀ ਵਿਅਕਤੀ ਨੂੰ ਪਾਸ ਜਾਰੀ ਕਰਨ ਦੀ ਬੇਨਤੀ ਨਾ ਕਰਨ।

ਸੀਐਮ ਯੋਗੀ ਨੇ ਇਸ ਫੈਸਲੇ ਦੀ ਕੀਤੀ ਸ਼ਲਾਘਾ  

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਯੂਪੀ ਵਿਧਾਨ ਸਭਾ 'ਚ ਹੁਣ ਤੱਕ 28 ਵਿਰੋਧੀ ਨੇਤਾ ਪਾਰਟੀਆਂ ਬਣ ਚੁੱਕੀਆਂ ਹਨ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਇਕ ਵੀ ਮਹਿਲਾ ਵਿਧਾਇਕ ਨੂੰ ਵਿਰੋਧੀ ਨੇਤਾ ਨਹੀਂ ਬਣਾਇਆ ਹੈ। ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਪਾਰਟੀਆਂ ਦੇ 20 ਨੇਤਾ ਵੀ ਬਣਾਏ ਗਏ ਸਨ ਪਰ ਉਨ੍ਹਾਂ ਵਿਚ ਵੀ ਮਹਿਲਾ ਵਿਧਾਇਕਾਂ ਨੂੰ ਜਗ੍ਹਾ ਨਹੀਂ ਮਿਲੀ। ਯੂਪੀ ਵਿੱਚ ਹੁਣ ਤੱਕ ਵਿਧਾਨ ਸਭਾ ਦੇ 18 ਸਪੀਕਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਵੀ ਔਰਤ ਨਹੀਂ ਹੈ। ਵਿਧਾਨ ਪ੍ਰੀਸ਼ਦ ਵਿੱਚ ਵੀ 13 ਸਪੀਕਰ ਸਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਔਰਤ ਨਹੀਂ ਸੀ।