ਲਖਨਊ: ਪੰਜਾਬ ਤੇ ਯੂਪੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਖਾਲਿਸਤਾਨ ਹਮਾਇਤੀ ਨੂੰ ਸੋਮਵਾਰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਜਗਦੇਵ ਸਿੰਘ ਉਰਫ ਜੱਗਾ ਨੂੰ ਸ਼ਹਿਰ ਦੇ ਵਿਕਾਸ ਨਗਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਜਗਦੇਵ ਨੂੰ 2019 ਤੇ 2020 ਦੇ ਸ਼ੁਰੂ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।


ਮੁਲਜ਼ਮ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਤੇ ਮਲਤਾਨੀ ਸਿੰਘ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਰਮਜੀਤ ਇਸ ਸਮੇਂ ਯੂਕੇ ਵਿੱਚ ਹੈ ਤੇ ਮਲਤਾਨੀ ਜਰਮਨੀ ਵਿੱਚ ਹੈ। ਪੁਲਿਸ ਦੇ ਦੱਸਣ ਮੁਤਾਬਕ ਦੋਵਾਂ 'ਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਤੇ ਅੱਤਵਾਦ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ।


ਪੁਲਿਸ ਅਨੁਸਾਰ ਪਰਮਜੀਤ ਸਿੰਘ ਤੇ ਮਾਲਤਾਨੀ ਕਥਿਤ ਤੌਰ ਤੇ ਜਗਦੇਵ ਸਿੰਘ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਤਿਆਰ ਕਰ ਰਹੇ ਸਨ। ਉਨ੍ਹਾਂ ਵੱਲੋਂ ਮੁਹੱਈਆ ਕਰਵਾਈ ਗਈ ਰਕਮ ਨਾਲ ਉਸ ਨੇ ਆਪਣੇ ਸਾਥੀ ਜਗਰੂਪ ਸਿੰਘ ਨਾਲ ਮਿਲ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦੇ ਸਨ। ਜਗਰੂਪ ਸਿੰਘ ਨੂੰ ਪੰਜਾਬ ਪੁਲਿਸ ਨੇ ਐਤਵਾਰ ਗ੍ਰਿਫ਼ਤਾਰ ਕੀਤਾ ਸੀ।