ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ 'ਤੇ ਗੰਭੀਰ ਇਲਜ਼ਾਮ ਲਾਇਆ ਹੈ। ਰਾਜਭਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇਸ਼ ਵਿੱਚ ਫਿਰਕੂ ਦੰਗੇ ਕਰਵਾ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਭਰ ਦਾ ਇਹ ਬਿਆਨ ਬੀਜੇਪੀ ਨੂੰ ਸੰਕਟ ਵਿੱਚ ਪਾ ਸਕਦਾ ਹੈ।


ਰਾਜਭਰ ਨੇ ਅਮਰੀਕਾ ਦੀ ਕਥਿਤ ਖ਼ੁਫ਼ੀਆ ਰਿਪੋਰਟ ਦਾ ਹਵਾਲਾ ਦਿੰਦਿਆ ਕਿਹਾ ਕਿ ਭਾਜਪਾ ਭਾਰਤ ਵਿੱਚ ਦੰਗੇ ਕਰਵਾ ਸਕਦੀ ਹੈ। ਰਾਜਭਰ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੀ 21 ਫਰਵਰੀ ਨੂੰ ਸਾਧੂ ਰਾਮ ਮੰਦਰ ਦੇ ਨਾਂਅ 'ਤੇ ਚਿਮਟੇ ਵੰਡਣਗੇ ਅਤੇ ਭਾਜਪਾ ਦੰਗਾ ਕਰਵਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਬੀਜੇਪੀ ਵੋਟ ਲਈ ਕੁਝ ਵੀ ਕਰਵਾ ਸਕਦੀ ਹੈ।

ਇਹ ਵੀ ਪੜ੍ਹੋ: ਅਮਰੀਕੀ ਖ਼ੁਫ਼ੀਆ ਰਿਪੋਰਟ 'ਚ ਦਾਅਵਾ, 2019 ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਤੇ ਦਹਿਸ਼ਤੀ ਹਮਲੇ ਦਾ ਖ਼ਤਰਾ

ਸੂਬੇ ਦੇ ਪਿਛੜੇ ਵਰਗ ਭਲਾਈ ਮੰਤਰੀ ਰਾਜਭਰ ਨੇ ਲੋਕਾਂ ਨੂੰ ਕਿਹਾ ਕਿ ਦੇਸ਼ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਹਿੰਦੂ-ਮੁਸਲਿਮ ਦੰਗਿਆਂ ਵਿੱਚ ਕਦੇ ਵੀ ਨੇਤਾ ਨਹੀਂ ਮਰਦੇ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨੇਤਾ ਭੜਕਾਏ ਤਾਂ ਉਸ ਨੂੰ ਹੀ ਅੱਗ ਦੇ ਹਵਾਲੇ ਕਰ ਦਿਓ।

ਓਮ ਪ੍ਰਕਾਸ਼ ਰਾਜਭਰ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਭਾਜਪਾ ਖ਼ਿਲਾਫ਼ ਕੁਝ ਕਿਹਾ ਹੋਵੇ। ਉਹ ਕਹਿੰਦੇ ਹਨ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਸਪਾ ਤੇ ਬਸਪਾ ਦੀ ਸਰਕਾਰ ਤੋਂ ਚਾਰ ਗੁਣਾ ਵੱਧ ਭ੍ਰਿਸ਼ਟ ਹੈ ਅਤੇ ਉਹ ਹੁਣ ਆਪਣੇ ਪਾਪ ਧੋਣ ਲਈ ਕੁੰਭ 'ਚ ਚੁੱਭੀ ਮਾਰ ਰਹੇ ਹਨ।