Uttarakhand Assembly Election 2022 News: ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਉੱਤਰਾਖੰਡ ਵਿੱਚ ਆਪਣੀ ਪਾਰਟੀ ਦੀ ਜਿੱਤ ਦੀ ਉਮੀਦ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ ਅਤੇ ਕਾਂਗਰਸ ਨੂੰ ਲਗਭਗ 48 ਸੀਟਾਂ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਇਸ ਵਿਧਾਨ ਸਭਾ ਚੋਣ ਵਿੱਚ ਜਿੱਤਦੀ ਹੈ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਮੁੱਖ ਮੰਤਰੀ ਦਾ ਫੈਸਲਾ ਕਰੇਗੀ ਅਤੇ ਉਨ੍ਹਾਂ ਦਾ ਫੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਦੱਸ ਦੇਈਏ ਕਿ ਉੱਤਰਾਖੰਡ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਸੋਮਵਾਰ ਨੂੰ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਸਾਬਕਾ ਮੁੱਖ ਮੰਤਰੀ ਰਾਵਤ ਨੇ ਕਿਹਾ, ''ਵੋਟ ਪਾਉਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਕਾਂਗਰਸ ਦੀ ਜਿੱਤ ਯਕੀਨੀ ਹੈ। ਉਤਰਾਖੰਡ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ। ਚੋਣਾਂ 'ਚ ਕੁਝ ਆਮ ਸੰਕੇਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਵੋਟਾਂ ਪਾਈਆਂ ਹਨ ਅਤੇ ਹੁਣ ਉੱਤਰਾਖੰਡ 'ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ''ਸਾਡਾ ਆਪਣਾ ਗਣਿਤ ਕਹਿੰਦਾ ਹੈ ਕਿ ਕਾਂਗਰਸ ਨੂੰ ਕਰੀਬ 48 ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਉੱਤਰਾਖੰਡ ਲਈ ਪਿਛਲੇ ਪੰਜ ਸਾਲ ਬਹੁਤ ਔਖੇ ਰਹੇ ਹਨ। ਲੋਕਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਈ ਹੈ। ਅਜਿਹੇ 'ਚ ਜਾਪਦਾ ਹੈ ਕਿ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਹੈ।
ਰਾਵਤ ਨੇ ਇਹ ਉਮੀਦ ਵੀ ਜ਼ਾਹਰ ਕੀਤੀ ਕਿ ਲੋਕਾਂ ਨੇ ਵੋਟਿੰਗ ਕਰਦੇ ਸਮੇਂ ਇਹ ਗੱਲ ਧਿਆਨ ਵਿੱਚ ਰੱਖੀ ਹੋਵੇਗੀ ਕਿ ਸਾਲ 2016 ਵਰਗੀ ਸਥਿਤੀ ਪੈਦਾ ਨਾ ਹੋ ਜਾਵੇ ਜਦੋਂ ਕਈ ਕਾਂਗਰਸੀ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਮੁਸ਼ਕਲ ਵਿੱਚ ਸੀ ਅਤੇ ਕੁਝ ਮਹੀਨਿਆਂ ਲਈ ਸਿਆਸੀ ਅਸਥਿਰਤਾ ਬਣੀ ਰਹੀ ਸੀ।
ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਉਤਰਾਖੰਡ ਦੇ ਲੋਕਾਂ ਨੇ ਇਹ ਗੱਲ ਧਿਆਨ ਵਿਚ ਰੱਖੀ ਹੋਵੇਗੀ ਕਿ 2016 ਵਾਲੀ ਸਥਿਤੀ ਪੈਦਾ ਨਾ ਹੋਵੇ। ਇਹ ਪੁੱਛਣ 'ਤੇ ਕੀ ਉਹ ਕਾਂਗਰਸ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਬਣਨਗੇ, ਰਾਵਤ ਨੇ ਜ਼ੋਰ ਦੇ ਕੇ ਕਿਹਾ,''ਇਹ ਫੈਸਲਾ ਸੋਨੀਆ ਗਾਂਧੀ ਦੇ ਹੱਥ ਵਿਚ ਹੈ। ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪ੍ਰਧਾਨ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਭ ਨੂੰ ਸਵੀਕਾਰ ਹੋਵੇਗਾ।
ਸੀਨੀਅਰ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਆਰਥਿਕਤਾ ਨੂੰ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਬਣੀ ਹੈ, ਅਸੀਂ ਆਰਥਿਕਤਾ ਨੂੰ ਸੁਧਾਰਨ ਅਤੇ ਸਰੋਤ ਜੁਟਾਉਣ ਲਈ ਕੰਮ ਕਰਾਂਗੇ। ਅਸੀਂ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਵਾਅਦਿਆਂ ਦੀ ਪਾਲਣਾ ਕਰਾਂਗੇ।