ਉੱਤਰਾਖੰਡ ਤ੍ਰਾਸਦੀ: ਉੱਤਰਾਖੰਡ ਦੇ ਚਮੋਲੀ 'ਚ ਗਲੇਸ਼ੀਅਅਰ ਫਟਣ ਨਾਲ ਮੱਚੀ ਤਬਾਹੀ 'ਚ ਹੁਣ ਤਕ 36 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਅਜੇ ਵੀ ਕਰੀਬ 170 ਤੋਂ ਜ਼ਿਆਦਾ ਲੋਕ ਲਾਪਤਾ ਹਨ। ਵੱਡੀ ਗੱਲ ਇਹ ਹੈ ਕਿ ਤਪੋਵਨ ਦੀ ਸਾਢੇ ਤਿੰਨ ਕਿਲੋਮੀਟਰ ਲੰਬੀ ਸੁਰੰਗ 'ਚ ਅਜੇ ਵੀ ਕਰੀਬ 35 ਲੋਕ ਫਸੇ ਹਨ। ਇਨ੍ਹਾਂ ਲੋਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਜਾਰੀ ਹੈ।
ਇਸ ਸਮੇਂ ਟਨਲ ਦੇ ਕੀ ਹਾਲਾਤ ਹਨ?
ਅਜੇ 130 ਮੀਟਰ ਟਨਲ ਸਾਫ ਹੋ ਚੁੱਕੀ ਹੈ। 180 ਮੀਟਰ ਦੀ ਦੂਰੀ 'ਤੇ ਮੋੜ ਹੈ। ਉਮੀਦ ਹੈ ਕਿ ਫਸੇ ਹੋਏ ਲੋਕ ਇੱਥੇ ਹੀ ਹੋ ਸਕਦੇ ਹਨ। ਕਿਉਂਕਿ ਮੋੜ ਕਾਰਨ ਹੋ ਸਕਦਾ ਕਿ ਉੱਥੇ ਮਲਬਾ ਨਾ ਗਿਆ ਹੋਵੇ। ਸੈਲਾਬ ਨੇ ਸਭ ਤੋਂ ਜ਼ਿਆਦਾ ਨੁਕਸਾਨ ਐਨਟੀਪੀਸੀ ਦੇ ਪਾਵਰ ਪ੍ਰੋਜੈਕਟ ਨੂੰ ਪਹੁੰਚਾਇਆ ਹੈ। ਇਹ ਪਾਵਰ ਪ੍ਰੋਜੈਕਟ ਤਪੋਵਨ 'ਚ ਬਣ ਰਿਹਾ ਹੈ ਤੇ ਉੱਥੇ ਦੋ ਟਨਲ ਯਾਨੀ ਸੁਰੰਗਾਂ ਦਾ ਕੰਮ ਬੜੇ ਹੀ ਜ਼ੋਰ ਨਾਲ ਚੱਲ ਰਿਹਾ ਹੈ। ਪਰ ਗਲੇਸ਼ੀਅਰ ਟੁੱਟਣ ਤੋਂ ਬਾਅਦ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੋ ਪਾਣੀ ਪਹੁੰਚਿਆ, ਤਾਂ ਸੁਰੰਗਾਂ 'ਚ ਚਿੱਕੜ ਭਰ ਗਿਆ।
ਟਨਲ 'ਚ ਸਭ ਤੋਂ ਵੱਡਾ ਰੈਸੀਕਿਊ ਆਪ੍ਰੇਸ਼ਨ
ਪ੍ਰੋਜੈਕਟ 'ਚ ਕੰਮ ਕਰ ਰਹੇ ਮਜਦੂਰ ਇਸ ਸੁਰੰਗ 'ਚ ਫਸ ਗਏ। ਕਿਉਂਕਿ ਸੈਲਾਬ ਦੇ ਨਾਲ ਆਏ ਮਲਬੇ ਨੇ ਸੁਰੰਗ ਦਾ ਮੂੰਹ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤੋਂ ਹੀ ਘਟਨਾ ਸਥਾਨ 'ਤੇ ਸੁਰੰਗ 'ਚ ਫਸੇ ਮਜਦੂਰਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ। ਵੈਸੇ ਐਨਡੀਆਰਐਫ, ਫੌਜ ਤੇ ਐਸਡੀਆਰਐਫ ਦੇ ਜੁਆਇੰਟ ਆਪ੍ਰੇਸ਼ਨ ਤੋਂ ਉਮੀਦ ਦੀ ਕਿਰਨ ਕੱਲ੍ਹ ਸਵੇਰੇ ਦਿਖਣੀ ਸ਼ੁਰੂ ਹੋ ਗਈ, ਜਦੋਂ ਐਸਡੀਆਰਐਫ ਦੇ ਜਵਾਨਾਂ ਨੇ ਨਕਸ਼ੇ 'ਤੇ ਸੁਰੰਗ ਦਾ ਜਾਇਜ਼ਾ ਲਿਆ ਤੇ ਹਰ ਬੀਤਦੇ ਘੰਟੇ ਦੇ ਨਾਲ ਬਚਾਅ ਦਲ ਮਲਬੇ ਦੇ ਆਖਿਰ ਤਕ ਪਹੁੰਚਣ ਦੇ ਯਤਨਾਂ 'ਚ ਲੱਗ ਗਿਆ।
ਅੱਜ ਤੇ ਕੱਲ੍ਹ ਪ੍ਰਭਾਵਿਤ ਇਲਾਕੇ 'ਚ ਹੀ ਰਹਿਣਗੇ ਸੀਐਮ ਰਾਵਤ
ਮੁੱਖ ਮੰਤਰੀ ਤੋਂ ਲੈਕੇ ਕੇਂਦਰ ਸਰਕਾਰ ਦਾ ਮੰਤਰੀਆਂ ਦਾ ਵੀ ਮੌਕੇ 'ਤੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਜੋਸ਼ੀਮਠ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਵੀ ਤਪੋਵਨ 'ਚ ਐਨਟੀਪੀਸੀ ਪ੍ਰੋਜੈਕਟ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪਾਵਰ ਪ੍ਰੋਜੈਕਟ ਦਾ ਕਰੀਬ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।