Vande Bharat Express Train: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਰੇਲ ਗੱਡੀ ਨਾਲ ਪੰਜਾਬ ਨੂੰ ਵੀ ਫਾਇਦਾ ਹੋਏਗਾ। ਸੂਤਰਾਂ ਮੁਤਾਬਕ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚੰਡੀਗੜ੍ਹ ਤੇ ਆਨੰਦਪੁਰ ਸਾਹਿਬ ਵੀ ਰੁਕੇਗੀ।
ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਟਰੇਨ ਦਿੱਲੀ ਤੋਂ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਹ ਟਰੇਨ ਬੁੱਧਵਾਰ ਛੱਡ ਕੇ ਹਫ਼ਤੇ ਦੇ ਹਰ ਦਿਨ ਚੱਲੇਗੀ। ਅਧਿਕਾਰੀਆਂ ਮੁਤਾਬਕ ਦਿੱਲੀ ਤੇ ਊਨਾ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਅੰਬਾਲਾ, ਚੰਡੀਗੜ੍ਹ ਤੇ ਆਨੰਦਪੁਰ ਸਾਹਿਬ ਰੁਕੇਗੀ। ਦੱਸ ਦਈਏ ਕਿ ਪਿਛਲੇ ਮਹੀਨੇ ਮੋਦੀ ਨੇ ਗੁਜਰਾਤ ਵਿੱਚ ਤੀਜੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿੱਤੀ ਸੀ। ਇਹ ਟਰੇਨ ਗਾਂਧੀਨਗਰ ਤੋਂ ਮੁੰਬਈ ਤੱਕ ਚੱਲਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਊਨਾ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਲਈ ਨਵੀਂ ‘ਵੰਦੇ ਭਾਰਤ’ ਰੇਲ ਅੱਜ ਤੋਂ ਚਲਾਈ ਜਾਵੇਗੀ, ਜੋ ਆਨੰਦਪੁਰ ਸਾਹਿਬ ਵੀ ਰੁਕੇਗੀ। ਇਸ ਰੇਲ ਗੱਡੀ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਸਵੇਰੇ 9 ਵਜੇ ਹਰੀ ਝੰਡੀ ਦਿਖਾਉਣਗੇ।
ਜ਼ਿਲ੍ਹਾ ਰੂਪਨਗਰ ਦੇ ਭਾਜਪਾ ਪ੍ਰਧਾਨ ਜਤਿੰਦਰ ਅਠਵਾਲ ਤੇ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸਤਵੀਰ ਰਾਣਾ ਨੇ ਇਸ ਰੇਲ ਸੇਵਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਰੇਲ ਸੇਵਾ ਸਦਕਾ ਯਾਤਰੀਆਂ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਮੰਦਰ ਸ੍ਰੀ ਨੈਣਾ ਦੇਵੀ, ਜਵਾਲਾਜੀ, ਚਿੰਤਪੁਰਨੀ ਆਦਿ ਧਾਰਮਿਕ ਸਥਾਨਾਂ ਵਿਖੇ ਨਤਮਸਤਕ ਹੋਣਾ ਸੁਖਾਲਾ ਹੋ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ