ਨਵੀਂ ਦਿੱਲੀ: ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਦੇ ਆਪਣੀ ਹੀ ਸਰਕਾਰ ਉੱਪਰ ਨਿਸ਼ਾਨੇ ਜਾਰੀ ਹਨ। ਉਨ੍ਹਾਂ ਨੇ ਯੂਪੀ ਦੇ ਕਿਸਾਨ ਵੱਲੋਂ ਫ਼ਸਲ ਸਾੜਨ ਦੀ ਵੀਡੀਓ ਕਲਿੱਪ ਨਸ਼ਰ ਕਰਦਿਆਂ ਸਰਕਾਰ ਤੋਂ ਖੇਤੀਬਾੜੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਵਰੁਣ ਗਾਂਧੀ ਪਹਿਲਾਂ ਵੀ ਕਈ ਵਾਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਨਸੀਹਤ ਦੇ ਚੁੱਕੇ ਹਨ।


ਹੁਣ ਵਰੁਣ ਗਾਂਧੀ ਨੇ ਟਵਿੱਟਰ ’ਤੇ ਲਿਖਿਆ ਹੈ,‘‘ਜੇਕਰ ਅਸੀਂ ਅੰਨਦਾਤੇ ਦੀ ਰਾਖੀ ਨਹੀਂ ਕਰ ਸਕਦੇ ਹਾਂ ਤਾਂ ਇਹ ਪੂਰੇ ਦੇਸ਼ ਦੀ ਨਾਕਾਮੀ ਹੈ।’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਕਿਸਾਨ ਸਮੋਧ ਸਿੰਘ ਝੋਨੇ ਦੀ ਫ਼ਸਲ ਵੇਚਣ ਲਈ ਪਿਛਲੇ 15 ਦਿਨਾਂ ਤੋਂ ਮੰਡੀਆਂ ਦੇ ਗੇੜੇ ਕੱਢ ਰਿਹਾ ਸੀ। ‘ਜਦੋਂ ਉਸ ਦਾ ਝੋਨਾ ਨਹੀਂ ਵਿਕਿਆ ਤਾਂ ਉਸ ਨੇ ਖਿੱਝ ਕੇ ਫ਼ਸਲ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਪ੍ਰਬੰਧ ਕਿਸਾਨਾਂ ਨੂੰ ਕਿੱਥੇ ਲੈ ਆਇਆ ਹੈ? ਵੇਲੇ ਦੀ ਲੋੜ ਹੈ ਕਿ ਖੇਤੀ ਨੀਤੀ ’ਤੇ ਮੁੜ ਤੋਂ ਵਿਚਾਰ ਕੀਤਾ ਜਾਵੇ।’






ਵਰੁਣ ਗਾਂਧੀ ਨੇ ਕਿਹਾ ਕਿ ਇਕ ਕਿਸਾਨ ਲਈ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਕਿ ਉਹ ਆਪਣੀ ਫ਼ਸਲ ਨੂੰ ਖੁਦ ਹੀ ਅੱਗ ਲਗਾ ਦੇਵੇ। ‘ਸਾਨੂੰ ਸਾਰਿਆਂ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਸਿਸਟਮ ਨੇ ਕਿਸਾਨਾਂ ਦੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਉਸ ਨੂੰ ਅਜਿਹੇ ਮੁਕਾਮ ’ਤੇ ਪਹੁੰਚਾ ਦਿੱਤਾ ਹੈ। ਜੇਕਰ ਅਸੀਂ ਅੰਨਦਾਤੇ ਦੀ ਰੱਖਿਆ ਨਹੀਂ ਕਰ ਸਕਦੇ ਹਾਂ ਤਾਂ ਇਹ ਸਾਰੇ ਮੁਲਕ ਦੀ ਨਾਕਾਮੀ ਹੈ।’


ਦੱਸ ਦਈਏ ਕਿ ਕਿ ਭਾਜਪਾ ਆਗੂ ਖੇਤੀ ਦੇ ਮੁੱਦਿਆਂ ’ਤੇ ਆਪਣੀ ਸਰਕਾਰ ਨੂੰ ਘੇਰਦਿਆਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਲਗਾਤਾਰ ਹਮਾਇਤ ਕਰ ਰਹੇ ਹਨ। ਉਨ੍ਹਾਂ ਦੀ ਅਲੋਚਨਾਂ ਕਰਕੇ ਪਾਰਟੀ ਅੰਦਰ ਵੀ ਬੇਚੈਨੀ ਪਾਈ ਜਾ ਰਹੀ ਹੈ।