ਲੰਦਨ: ਐਸਬੀਆਈ ਸਮੇਤ 17 ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦੇ ਭਗੌੜੇ ਕਰਜ਼ਦਾਰ ਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੀਜੇਪੀ ਨੇਤਾਵਾਂ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਦੋਸ਼ ਲਾਇਆ ਕਿ ਭਾਰਤ ਛੱਡਣ ਤੋਂ ਪਹਿਲਾਂ ਵਿਜੇ ਮਾਲਿਆ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੂੰ ਮਿਲਿਆ ਸੀ। ਰਾਹੁਲ ਨੇ ਕਿਹਾ ਕਿ ਇਸ ਦੇ ਦਸਤਾਵੇਜ ਵੀ ਮੌਜੂਦ ਹਨ। ਹਾਲਾਂਕਿ ਉਨ੍ਹਾਂ ਭਾਜਪਾ ਨੇਤਾਵਾਂ ਦੇ ਨਾਂ ਦੱਸਣ ਤੋਂ ਮਨ੍ਹਾਂ ਕਰ ਦਿੱਤਾ।


ਮਾਲਿਆ ਸਾਲ 2016 'ਚ ਭਾਰਤ ਛੱਡ ਕੇ ਲੰਦਨ ਫਰਾਰ ਹੋ ਗਿਆ ਸੀ। ਮਾਲਿਆ ਨੂੰ ਵਾਪਸ ਲਿਆਉਣ ਲਈ ਭਾਰਤੀ ਏਜੰਸੀਆਂ ਤੇ ਇੰਗਲੈਂਡ 'ਚ ਕਾਨੂੰਨੀ ਲੜ੍ਹਾਈ ਲੜ ਰਹੀਆਂ ਹਨ। ਰਾਹੁਲ ਗਾਂਧੀ ਨੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਪ੍ਰੋਗਰਾਮ 'ਚ ਕਿਹਾ ਕਿ ਮੋਦੀ ਸਰਕਾਰ ਭਾਰਤੀ ਬੈਂਕਾਂ ਨਾਲ ਧੋਖਾਧੜੀ ਕਰਨ ਵਾਲੇ ਕਾਰੋਬਾਰੀਆਂ ਖਿਲਾਫ ਕੋਈ ਸਖਤ ਕਦਮ ਨਹੀਂ ਉਠਾਉਂਦੀ।


ਇਸ ਦੌਰਾਨ ਰਾਹੁਲ ਨੇ ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਤੇ ਮੋਹੁਲ ਚੌਕਸੀ ਦਾ ਨਾਂ ਵੀ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਨੀਰਵ ਮੋਦੀ ਤੇ ਮੇਹੁਲ ਚੌਕਸੀ ਨਾਲ ਪ੍ਰਧਾਨ ਮੰਤਰੀ ਦੇ ਚੰਗੇ ਸਬੰਧ ਹਨ। ਇਸੇ ਕਰਕੇ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।