Virat Kohli 50th Century: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਹੁਣ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਵਿਰਾਟ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਨੇ 452 ਵਨਡੇ ਪਾਰੀਆਂ 'ਚ 49 ਸੈਂਕੜੇ ਲਗਾਏ ਸਨ।

ਵਿਰਾਟ ਨੂੰ 50 ਸੈਂਕੜੇ ਪੂਰੇ ਕਰਨ 'ਤੇ ਦੇਸ਼ ਦੇ ਕਈ ਰਾਜਨੇਤਾਵਾਂ ਨੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪ੍ਰਿਅੰਕਾ ਗਾਂਧੀ ਨੇ ਇਸ ਨੂੰ ਸ਼ਾਨਦਾਰ ਦੱਸਿਆ।

ਪੀਐਮ ਮੋਦੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਵਿਰਾਟ ਕੋਹਲੀ ਨੇ ਨਾ ਸਿਰਫ ਆਪਣਾ 50ਵਾਂ ਵਨਡੇ ਸੈਂਕੜਾ ਲਗਾਇਆ, ਸਗੋਂ ਉਨ੍ਹਾਂ ਨੇ ਪ੍ਰਤਿਭਾ ਅਤੇ ਲਗਨ ਦੀ ਭਾਵਨਾ ਨੂੰ ਵੀ ਦਰਸਾਇਆ। ਇਹ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੇ ਸਥਾਈ ਸਮਰਪਣ ਅਤੇ ਅਸਾਧਾਰਨ ਪ੍ਰਤਿਭਾ ਦਾ ਪ੍ਰਮਾਣ ਹੈ।" ਪੀਐਮ ਮੋਦੀ ਨੇ ਅੱਗੇ ਕਿਹਾ, "ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਆਰ ਕਾਇਮ ਕਰਦੇ ਰਹਿਣ।"

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਵਿਰਾਟ ਕੋਹਲੀ ਨੂੰ ਵਨਡੇ ਕ੍ਰਿਕਟ 'ਚ ਆਪਣਾ 50ਵਾਂ ਸੈਂਕੜਾ ਲਗਾਉਣ ਅਤੇ ਇਸ ਇਤਿਹਾਸਕ ਉਪਲੱਬਧੀ ਨੂੰ ਹਾਸਲ ਕਰਨ ਲਈ ਵਧਾਈ। ਇਹ ਤੁਹਾਡੀ ਸ਼ਾਨਦਾਰ ਖੇਡ, ਸਮਰਪਣ ਅਤੇ ਨਿਰੰਤਰਤਾ ਦਾ ਪ੍ਰਮਾਣ ਹੈ। ਤੁਸੀਂ ਆਪਣੀ ਖੇਡ ਨੂੰ ਨਵੇਂ ਪੱਧਰ 'ਤੇ ਲੈ ਜਾਓ।" ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।"

ਪ੍ਰਿਅੰਕਾ ਗਾਂਧੀ ਨੇ ਟੀਮ ਇੰਡੀਆ ਨੂੰ ਦਿੱਤੀਆਂ ਵਧਾਈਆਂ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਵੀ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਧਾਈ ਦਿੰਦਿਆਂ ਹੋਇਆਂ ਲਿਖਿਆ, "ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 50 ਸੈਂਕੜੇ ਲਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ। ਉਨ੍ਹਾਂ ਨੇ ਇੱਕ ਵਾਰ ਫਿਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਇਹ ਉਪਲਬਧੀ ਭਾਰਤ ਦੇ ਨਾਮ ਕਰ ਦਿੱਤੀ ਹੈ। ਟੀਮ ਇੰਡੀਆ ਨੂੰ ਅੱਗੇ ਦੇ ਮੈਚਾਂ ਲਈ ਵੀ ਸ਼ੁਭਕਾਮਨਾਵਾਂ।''

ਮਲਿਕਾਰਜੁਨ ਖੜਗੇ ਨੇ ਸਖ਼ਤ ਮਿਹਨਤ ਦਾ ਦੱਸਿਆ ਸਬੂਤ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕੋਹਲੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਐਕਸ 'ਤੇ ਕਿਹਾ, "ਵਨਡੇ ਕ੍ਰਿਕਟ ਵਿੱਚ 50 ਸੈਂਕੜੇ ਪੂਰੇ ਕਰਕੇ ਭਾਰਤ ਨੂੰ ਮਾਣ ਦਿਵਾਉਣ ਲਈ ਵਿਰਾਟ ਕੋਹਲੀ ਦਾ ਧੰਨਵਾਦ। ਇਹ ਤੁਹਾਡੀ ਮਿਹਨਤ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ।"

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਬਣਾਈਆਂ 397 ਦੌੜਾਂ

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਾਨਖੇੜੇ, ਮੁੰਬਈ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵਿਰਾਟ ਅਤੇ ਸ਼੍ਰੇਅਸ ਅਈਅਰ ਦੇ ਸੈਂਕੜੇ ਦੀ ਬਦੌਲਤ 50 ਓਵਰਾਂ ਵਿੱਚ 397 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: PM Kisan Samman Nidhi : ਪ੍ਰਧਾਨ ਮੰਤਰੀ ਨੇ ਜਾਰੀ ਕੀਤੀ PM ਕਿਸਾਨ ਦੀ 15ਵੀਂ ਕਿਸ਼ਤ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਆਏ 2000 ਰੁਪਏ, ਇੰਝ ਚੈੱਕ ਕਰੋ ਖਾਤਾ