Vote Chori Hydrogen Bomb: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਮੁੱਦੇ 'ਤੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੇ ਭਾਰਤੀ ਜਨਤਾ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਅੱਜ ਵੀਰਵਾਰ (18 ਸਤੰਬਰ) ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਨੇ ਕਿਹਾ, "ਮੈਂ ਵੋਟ ਚੋਰੀ ਬਾਰੇ ਜੋ ਵੀ ਕਹਿ ਰਿਹਾ ਹਾਂ, ਉਹ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ। ਮੇਰੇ ਕੋਲ ਇਸ ਦਾ ਸਬੂਤ ਵੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਨਾਮ ਹਟਾ ਦਿੱਤੇ ਗਏ ਹਨ।"
ਰਾਹੁਲ ਗਾਂਧੀ ਨੇ ਕਿਹਾ, "ਸਭ ਤੋਂ ਪਹਿਲਾਂ ਸਪਸ਼ਟ ਕਰ ਦਿਆਂ ਕਿ ਇਹ ਅਜੇ ਹਾਈਡ੍ਰੋਜਨ ਬੰਬ ਨਹੀਂ। ਹਾਈਡ੍ਰੋਜਨ ਬੰਬ ਤਾਂ ਅਜੇ ਆਉਣ ਵਾਲਾ ਹੈ।" ਇਹ ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣ ਤੇ ਸਮਝਾਉਣ ਲਈ ਇੱਕ ਹੋਰ ਮੀਲ ਪੱਥਰ ਹੈ ਕਿ ਚੋਣਾਂ ਵਿੱਚ ਕਿਵੇਂ ਧਾਂਦਲੀ ਹੋ ਰਹੀ ਹੈ।" ਉਨ੍ਹਾਂ ਕਿਹਾ, "ਕਰਨਾਟਕ ਦਾ ਇੱਕ ਅਲੰਦ ਹਲਕਾ ਹੈ। ਉੱਥੇ ਕਿਸੇ ਨੇ 6,018 ਵੋਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਨਹੀਂ ਪਤਾ ਕਿ 2023 ਦੀਆਂ ਚੋਣਾਂ ਵਿੱਚ ਅਲੰਦ ਵਿੱਚ ਹਟਾਈਆਂ ਗਈਆਂ ਕੁੱਲ ਵੋਟਾਂ ਦੀ ਗਿਣਤੀ ਕਿੰਨੀ ਹੈ। ਇਹ ਗਿਣਤੀ 6,018 ਤੋਂ ਬਹੁਤ ਜ਼ਿਆਦਾ ਹੈ, ਪਰ ਕੋਈ ਉਨ੍ਹਾਂ 6,018 ਵੋਟਾਂ ਨੂੰ ਹਟਾਉਂਦੇ ਫੜਿਆ ਗਿਆ ਤੇ ਇਹ ਸੰਜੋਗ ਨਾਲ ਹੋਇਆ।
ਉੱਥੋਂ ਦੇ ਬੂਥ-ਪੱਧਰ ਦੇ ਅਧਿਕਾਰੀ ਨੇ ਦੇਖਿਆ ਕਿ ਉਸ ਦੇ ਚਾਚੇ ਦੀ ਵੋਟ ਹਟਾਈ ਗਈ ਸੀ। ਉਸ ਨੇ ਜਾਂਚ ਕੀਤੀ ਕਿ ਉਸ ਦੇ ਚਾਚੇ ਦਾ ਵੋਟ ਕਿਸ ਨੇ ਡਿਲੀਟ ਕੀਤਾ ਤੇ ਪਾਇਆ ਕਿ ਇਹ ਉਨ੍ਹਾਂ ਦਾ ਇੱਕ ਗੁਆਂਢੀ ਹੀ ਸੀ। ਉਸ ਨੇ ਆਪਣੇ ਗੁਆਂਢੀ ਨੂੰ ਪੁੱਛਿਆ, ਪਰ ਉਸ ਨੇ ਕਿਹਾ ਕਿ ਉਸ ਨੇ ਕੋਈ ਵੋਟ ਡਿਲੀਟ ਨਹੀਂ ਕੀਤੀ। ਨਾ ਤਾਂ ਵੋਟ ਡਿਲੀਟ ਕਰਨ ਵਾਲੇ ਵਿਅਕਤੀ ਨੂੰ ਤੇ ਨਾ ਹੀ ਜਿਸ ਵਿਅਕਤੀ ਦਾ ਵੋਟ ਡਿਲੀਟ ਕੀਤਾ ਗਿਆ, ਉਸ ਨੂੰ ਇਸ ਬਾਰੇ ਪਤਾ ਸੀ। ਕਿਸੇ ਹੋਰ ਤਾਕਤ ਨੇ ਪ੍ਰਕਿਰਿਆ ਨੂੰ ਹਾਈਜੈਕ ਕੀਤਾ ਤੇ ਵੋਟਾਂ ਡਿਲੀਟ ਕਰ ਦਿੱਤੀਆਂ।"
ਰਾਹੁਲ ਗਾਂਧੀ ਨੇ ਕਰਨਾਟਕ ਦੇ ਕੁਝ ਲੋਕਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਵਿੱਚੋਂ ਕੁਝ ਨੂੰ ਸਟੇਜ 'ਤੇ ਬੁਲਾਇਆ। ਇਸ ਦੌਰਾਨ ਇੱਕ ਆਦਮੀ ਨੇ ਕਿਹਾ, "ਕੁੱਲ 12 ਨਾਮ ਡਿਲੀਟ ਕੀਤੇ ਗਏ ਹਨ। ਮੈਂ ਨਾ ਤਾਂ ਕਿਸੇ ਨੂੰ ਨਾਮ ਹਟਾਉਣ ਲਈ ਫ਼ੋਨ ਕੀਤਾ ਤੇ ਨਾ ਹੀ ਸੁਨੇਹਾ ਭੇਜਿਆ।" ਰਾਹੁਲ ਨੇ ਕਿਹਾ, "ਨਾਗਰਾਜ ਨਾਮ ਦੇ ਵਿਅਕਤੀ ਲਈ ਦੋ ਫਾਰਮ ਭਰੇ ਗਏ ਸਨ ਤੇ ਦੋਵੇਂ 36 ਸਕਿੰਟਾਂ ਵਿੱਚ ਪੂਰੇ ਹੋ ਗਏ। ਕੋਈ ਵਿਅਕਤੀ ਫਾਰਮ ਭਰਨ ਲਈ ਕਿਸੇ ਹੋਰ ਰਾਜ ਤੋਂ ਫ਼ੋਨ ਲੈ ਕੇ ਆਇਆ ਸੀ ਤੇ ਇਹ ਫਾਰਮ ਉਸ ਫ਼ੋਨ ਦੀ ਵਰਤੋਂ ਕਰਕੇ ਭਰੇ ਗਏ ਸਨ।"