Weather Update India: ਭਾਰਤੀ ਮੌਸਮ ਵਿਭਾਗ (Indian Meteorological Department) ਨੇ ਮੰਗਲਵਾਰ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ ਅਤੇ ਨਾਲ ਲੱਗਦੇ ਪੁਡੂਚੇਰੀ ਦੇ ਕੁਝ ਇਲਾਕਿਆਂ ਅਤੇ ਪੱਛਮੀ ਘਾਟ ਦੇ ਨਾਲ ਲੱਗਦੇ ਕੁਝ ਜ਼ਿਲਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।










ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਤਾਮਿਲਨਾਡੂ ਦੇ ਕੁਝ ਜ਼ਿਲ੍ਹਿਆਂ ਅਤੇ ਪੁਡੂਚੇਰੀ ਦੇ ਕੁਝ ਹਿੱਸਿਆਂ 'ਚ ਅੱਜ ਅਤੇ ਬੁੱਧਵਾਰ ਨੂੰ ਭਾਰੀ ਬਾਰਿਸ਼ ਹੋਣ ਨਾਲ ਇਸ ਦੀ ਤੀਬਰਤਾ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿਵੇਂ ਹੀ ਬੰਗਾਲ ਦੀ ਖਾੜੀ 'ਚ ਬਣ ਰਿਹਾ ਡੂੰਘੇ ਦਬਾਅ ਦਾ ਖੇਤਰ ਤਾਮਿਲਨਾਡੂ ਦੇ ਤੱਟ ਦੇ ਨੇੜੇ ਆਉਂਦਾ ਹੈ, ਇਸ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।



ਪੰਜਾਬ ਸਮੇਤ ਰਾਜਧਾਨੀ ਦਿੱਲੀ ਵਿੱਚ ਵੀ ਛਾਏ ਰਹਿਣਗੇ ਬੱਦਲ 
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਪੂਰਬੀ ਅਤੇ ਦੱਖਣੀ ਰਾਜਸਥਾਨ, ਗੁਜਰਾਤ, ਕੇਰਲ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਮੱਧ ਮਹਾਰਾਸ਼ਟਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਤੱਟੀ ਆਂਧਰਾ ਪ੍ਰਦੇਸ਼ ਅਤੇ ਅੰਦਰੂਨੀ ਕਰਨਾਟਕ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।



ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਸੰਭਾਵਨਾ 
ਮੌਸਮ ਵਿਭਾਗ ਨੇ ਅੱਜ ਅਤੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ, ਥੇਨੀ, ਤਿਰੁਪੁਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਦੇ ਹੋਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਇੱਕ-ਦੋ ਸਥਾਨਾਂ 'ਤੇ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਗੱਲ ਕਹੀ ਹੈ।



ਉੱਤਰ-ਪੂਰਬੀ ਭਾਰਤ ਵਿੱਚ ਮੱਧਮ ਮੀਂਹ ਦੀ ਸੰਭਾਵਨਾ 
ਇਸ ਤੋਂ ਇਲਾਵਾ ਉੱਤਰ-ਪੂਰਬੀ ਭਾਰਤ ਦੇ ਰਾਜਾਂ ਸਮੇਤ ਪੱਛਮੀ ਬੰਗਾਲ, ਝਾਰਖੰਡ, ਉੜੀਸਾ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਉੱਤਰੀ ਰਾਜਾਂ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।