Wedding Accident : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਬਰਾਤ ਚੜ੍ਹਤ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਲਾੜੇ ਦੀ ਬੱਗੀ ਉੱਪਰੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਬਿਜਲੀ ਦੀ ਤਾਰ ਨਾਲ ਛੂਹ ਗਈ, ਜਿਸ ਕਾਰਨ ਪੂਰੀ ਬੱਗੀ ਵਿੱਚ ਕਰੰਟ ਦੌੜ ਗਿਆ। ਇਸ ਹਾਦਸੇ ਵਿੱਚ ਦੋ ਬੈਂਡਕਰਮੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੱਗੀ ਨਾਲ ਜੁੜੀਆਂ ਦੋ ਘੋੜੀਆਂ ਨੇ ਵੀ ਦਮ ਤੋੜ ਦਿੱਤਾ। ਦੋ ਹੋਰ ਵਿਅਕਤੀ ਕਰੰਟ ਲੱਗਣ ਕਾਰਨ ਝੁਲਸ ਗਏ। ਗਨੀਮਤ ਰਹੀ ਕਿ ਬੱਗੀ ਵਿੱਚ ਸਵਾਰ ਲਾੜੇ ਨੇ ਸਮਾਂ ਰਹਿੰਦੇ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਸ਼ਨੀਵਾਰ (21 ਨਵੰਬਰ) ਰਾਤ ਨੂੰ ਮਥੁਰਾ ਜ਼ਿਲ੍ਹੇ ਦੇ ਫਰਹ ਤੋਂ ਬਰਾਤ ਫਿਰੋਜ਼ਾਬਾਦ ਦੇ ਸਿਰਸਾਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਦੌਲਤਪੁਰ ਬੈਜੂਆ ਪਹੁੰਚੀ ਸੀ। ਰਾਤ ਕਰੀਬ 9:30 ਵਜੇ ਬਰਾਤ ਚੜ੍ਹਤ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਲਾੜੇ ਦੀ ਬੱਗੀ ਉੱਪਰੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਲਾਈਨ ਨਾਲ ਛੂਹ ਗਈ।
ਤਾਰਾਂ ਦੇ ਸੰਪਰਕ ਵਿੱਚ ਆਉਂਦੇ ਹੀ ਬੱਗੀ ਵਿੱਚ ਕਰੰਟ ਫੈਲ ਗਿਆ ਅਤੇ ਉਸ ਵਿੱਚੋਂ ਧੂੰਆਂ ਨਿਕਲਣ ਲੱਗਾ। ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਬੈਂਡ ਗਾਇਕ ਅਕੀਲ ਵਾਸੀ ਨਗਲਾ ਰਾਧੇ ਅਤੇ ਲਾਈਟਕਰਮੀ ਪੱਪੂ ਸਿੱਦੀਕੀ ਵਾਸੀ ਮੀਆਂ ਬਾਜ਼ਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਬੱਗੀ ਨਾਲ ਜੁੜੀਆਂ ਦੋਵੇਂ ਘੋੜੀਆਂ ਦੀ ਵੀ ਮੌਤ ਹੋ ਗਈ। ਹਾਦਸੇ ਵਿੱਚ ਬੈਂਡਕਰਮੀ ਵਿਵੇਕ ਸਮੇਤ ਇੱਕ ਹੋਰ ਵਿਅਕਤੀ ਝੁਲਸ ਗਿਆ, ਜਿਨ੍ਹਾਂ ਨੂੰ ਇਲਾਜ ਲਈ ਟਰੌਮਾ ਸੈਂਟਰ ਭੇਜਿਆ ਗਿਆ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਸਿਰਸਾਗੰਜ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਸਥਾਨਕ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।