ਪੱਛਮੀ ਬੰਗਾਲ ਵਿੱਚ ਭਾਜਪਾ ਦੇ ਪ੍ਰਦਰਸ਼ਨਾਂ ਦੌਰਾਨ ਕਈ ਦੇਸੀ ਬੰਬ ਧਮਾਕੇ ਹੋਏ ਹਨ। ਇਹ ਘਟਨਾ ਸੂਬੇ ਦੇ ਕੂਚਬਿਹਾਰ ਦੇ ਸੀਤਲਕੁਚੀ ਦੀ ਹੈ ਜਿੱਥੇ ਭਾਜਪਾ ਪ੍ਰਦਰਸ਼ਨ ਕਰ ਰਹੀ ਸੀ। ਬੰਬ ਧਮਾਕੇ ਵਿੱਚ ਦੋ ਭਾਜਪਾ ਵਰਕਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਭਾਜਪਾ ਵੱਲੋਂ ਹਾਲ ਹੀ ਵਿੱਚ ਈਡੀ ਅਤੇ ਸੀਬੀਆਈ ਵੱਲੋਂ ਮਾਰੇ ਗਏ ਛਾਪਿਆਂ ਦੇ ਸਬੰਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਭਾਜਪਾ ਨੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਸੀਤਲਕੁਚੀ ਵਿੱਚ ਪ੍ਰਦਰਸ਼ਨ ਦੌਰਾਨ ਕਈ ਦੇਸੀ ਬੰਬ ਧਮਾਕੇ ਹੋਏ ਹਨ।
ਦਰਅਸਲ, ਪੱਛਮੀ ਬੰਗਾਲ ਦੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਮੈਂਬਰਾਂ ਨੂੰ ਭ੍ਰਿਸ਼ਟ ਅਤੇ ਘੁਟਾਲੇ ਨਾਲ ਗ੍ਰਸਤ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਉਖਾੜ ਸੁੱਟਣ ਲਈ ਇਕਜੁੱਟ ਹੋਣ ਅਤੇ ਜੰਗ ਛੇੜਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਜਪਾ ਨੇਤਾ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਚੋਰ ਅਤੇ ਲੁਟੇਰੇ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ 13 ਸਤੰਬਰ ਨੂੰ ਆਪਣੀ ਪਾਰਟੀ ਦੇ ‘ਨਬੰਨਾ ਅਭਿਆਨ’ ਮਾਰਚ (ਸਕੱਤਰੇਤ ਵੱਲ) ਵਿੱਚ ਸ਼ਾਮਲ ਹੋਣ ਲਈ ਕਿਹਾ।
ਟੀ.ਐਮ.ਸੀ 'ਤੇ ਭਾਜਪਾ ਦੇ ਦੋਸ਼
ਸੁਵੇਂਦੂ ਅਧਿਕਾਰੀ ਨੇ ਕਿਹਾ ਸੀ, "ਟੀਐੱਮਸੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਇਸ ਦੇ ਸਾਰੇ ਆਗੂ ਚੋਰ ਅਤੇ ਲੁਟੇਰੇ ਹਨ। ਉਨ੍ਹਾਂ ਨੇ ਸਕੂਲ ਭਰਤੀ ਘੁਟਾਲੇ ਤੋਂ ਇਲਾਵਾ ਕੋਲੇ ਤੋਂ ਲੈ ਕੇ ਰੇਤ ਤੱਕ ਸਭ ਕੁਝ ਲੁੱਟ ਲਿਆ ਹੈ।" ਕਿਸੇ ਦਾ ਨਾਮ ਲਏ ਬਗ਼ੈਰ ਉਨ੍ਹਾਂ ਕਿਹਾ, "ਟੀਐਮਸੀ ਦੇ ਇੱਕ ਆਗੂ ਨੂੰ ਪਸ਼ੂ ਤਸਕਰੀ ਦੇ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਹੋਰ ਮੰਤਰੀ ਤੋਂ ਕੋਲੇ ਦੀ ਤਸਕਰੀ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।"