Ladakh News: ਲੇਹ-ਲਦਾਖ 'ਚ ਅਭਿਆਸ ਦੌਰਾਨ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਪੈਰਾ ਕਮਾਂਡੋ ਦੀ ਮੌਤ ਹੋ ਗਈ। ਫ਼ੌਜੀ ਦੀ ਪਛਾਣ ਨਾਇਕ ਸੂਰਜ ਪਾਲ ਵਜੋਂ ਹੋਈ ਹੈ, ਜੋ ਆਗਰਾ ਸਥਿਤ ਪੈਰਾ ਬ੍ਰਿਗੇਡ 'ਚ ਤਾਇਨਾਤ ਸੀ। ਸੂਰਜ ਪਾਲ ਦੀ ਟੀਮ ਪਹਾੜੀ ਅਭਿਆਸ ਲਈ ਲੇਹ ਗਈ ਸੀ। ਪਿਛਲੇ 12 ਦਿਨਾਂ 'ਚ ਲੇਹ ਸੈਕਟਰ 'ਚ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਕਿਸੇ ਫ਼ੌਜੀ ਦੀ ਮੌਤ ਹੋਣ ਦੀ ਦੂਜੀ ਵੱਡੀ ਘਟਨਾ ਹੈ।


ਫ਼ੌਜ ਮੁਖੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ


ਪੈਰਾ ਕਮਾਂਡੋ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਫ਼ੌਜ ਨੇ ਕਿਹਾ ਕਿ ਨਾਇਕ ਸੂਰਜ ਪਾਲ ਦੀ ਡਿਊਟੀ ਦੌਰਾਨ ਮੌਤ ਹੋ ਗਈ। ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਫ਼ੌਜ ਦੇ ਸਾਰੇ ਰੈਂਕ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਲਖਨਊ ਸਥਿਤ ਸੈਂਟਰਲ ਕਮਾਂਡ ਨੇ ਲਿਖਿਆ ਕਿ ਕਮਾਂਡਿੰਗ-ਇਨ-ਚੀਫ, ਲੈਫਟੀਨੈਂਟ ਜਨਰਲ ਵਾਈ ਡਿਮਰੀ ਅਤੇ ਸਾਰੇ ਰੈਂਕ ਪੈਰਾਟਰੂਪਰ ਸੂਰਜ ਪਾਲ ਦੀ ਦ੍ਰਿੜ ਹਿੰਮਤ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ।


ਦਰਅਸਲ, ਪਿਛਲੇ 15 ਦਿਨਾਂ ਤੋਂ ਲੇਹ-ਲਦਾਖ ਵਿੱਚ 14ਵੀਂ (ਫਾਇਰ ਐਂਡ ਫਿਊਰੀ) ਕੋਰ ਅਤੇ ਮਥੁਰਾ ਸਥਿਤ ਵਨ (1) ਸਟਰਾਈਕ ਕੋਰ ਦਾ ਪਹਾੜੀ ਅਭਿਆਸ ਚੱਲ ਰਿਹਾ ਸੀ। ਆਗਰਾ ਸਥਿਤ ਪੈਰਾ ਬ੍ਰਿਗੇਡਾਂ ਨੇ ਵੀ ਇਸ ਅਭਿਆਸ ਵਿੱਚ ਹਿੱਸਾ ਲਿਆ, ਜਿੱਥੇ ਨਾਇਕ ਸੂਰਜ ਪਾਲ ਇਨ੍ਹੀਂ ਦਿਨੀਂ ਤਾਇਨਾਤ ਸਨ। ਅਭਿਆਸ ਦੌਰਾਨ 10 ਸਤੰਬਰ ਯਾਨੀ ਸ਼ਨੀਵਾਰ ਨੂੰ ਪੈਰਾ ਬ੍ਰਿਗੇਡ ਦੇ ਜਵਾਨਾਂ ਨੂੰ ਅਸਮਾਨ ਤੋਂ ਪੈਰਾ-ਜੰਪ ਕਰਨਾ ਸੀ। ਪੈਰਾ ਜੰਪ ਦੌਰਾਨ ਸੂਰਜ ਪਾਲ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਅਤੇ ਉਸ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ: ABP News-C Voter Survey: ਮੋਦੀ ਨੂੰ ਟੱਕਰ ਦੇ ਰਹੇ ਨੇ ਕੇਜਰੀਵਾਲ, 'ਸਰਵੇ ਤੋਂ ਬਾਅਦ ਪੀਐੱਮ ਮੋਦੀ ਦੀ ਉੱਡੀ ਨੀਂਦ'


29 ਅਗਸਤ ਨੂੰ ਵੀ ਵਾਪਰਿਆ ਸੀ ਹਾਦਸਾ


ਦੱਸ ਦੇਈਏ ਕਿ ਨਾਇਕ ਸੂਰਜ ਪਾਲ ਉੱਤਰ ਪ੍ਰਦੇਸ਼ ਦੇ ਹਾਥਰਸ ਦਾ ਰਹਿਣ ਵਾਲਾ ਸੀ। ਸ਼ਨੀਵਾਰ ਨੂੰ ਫ਼ੌਜ ਮੁਖੀ ਜਨਰਲ ਪਾਂਡੇ ਵੀ ਖ਼ੁਦ ਲੇਹ ਸੈਕਟਰ 'ਚ ਮੌਜੂਦ ਸਨ ਅਤੇ ਪਰਵਤ ਪ੍ਰਹਾਰ ਅਭਿਆਸ ਦਾ ਜਾਇਜ਼ਾ ਲਿਆ। ਭਾਰਤੀ ਫ਼ੌਜ ਨੇ ਅਭਿਆਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ।ਲੇਹ ਸੈਕਟਰ ਵਿੱਚ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਫ਼ੌਜੀ ਦੀ ਮੌਤ ਦੀ ਇਹ ਦੂਜੀ ਘਟਨਾ ਹੈ। ਨਾਇਬ ਸੂਬੇਦਾਰ ਹਰਬੀਰ ਸਿੰਘ ਦੀ ਵੀ 29 ਅਗਸਤ ਨੂੰ ਰੇਡ ਹੰਟ ਅਭਿਆਸ ਦੌਰਾਨ ਇਸੇ ਤਰ੍ਹਾਂ ਮੌਤ ਹੋ ਗਈ ਸੀ।