ਕੋਲਕਾਤਾ: ਪੱਛਮੀ ਬੰਗਾਲ ਦੇ ਤਿੰਨ ਜ਼ਿਲ੍ਹਿਆਂ ਹੁਗਲੀ, ਹਾਵੜਾ ਤੇ ਦੱਖਣੀ 24 ਪਰਗਨਾ 'ਚ 31 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਦੌਰਾਨ ਹਾਵੜਾ ਦੇ ਉਲਬੇਰੀਆ 'ਚ ਟੀਐਮਸੀ ਆਗੂ ਦੇ ਘਰ ਈਵੀਐਮ ਤੇ ਵੀਵੀਪੈਟ ਮਿਲਣ ਕਾਰਨ ਹੰਗਾਮਾ ਖੜ੍ਹਾ ਹੋ ਗਿਆ ਹੈ। ਇਸ ਮਾਮਲੇ 'ਚ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਸੈਕਟਰ ਅਧਿਕਾਰੀ ਤਪਨ ਸਰਕਾਰ ਨੂੰ ਮੁਅੱਤਲ ਕਰ ਦਿੱਤਾ ਹੈ।


ਕਮਿਸ਼ਨ ਨੇ ਕਿਹਾ ਹੈ ਕਿ ਇਹ ਰਿਜ਼ਰਵ ਈਵੀਐਮ ਤੇ ਵੀਵੀਪੈਟ ਸੀ, ਜਿਸ ਨੂੰ ਹੁਣ ਚੋਣ ਪ੍ਰਕਿਰਿਆ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਈਵੀਐਮ ਤੇ ਵੀਵੀਪੈਟ ਕਿਵੇਂ ਟੀਐਮਸੀ ਆਗੂ ਦੇ ਘਰ ਪਹੁੰਚੀ?


ਇਹ ਹੈ ਪੂਰਾ ਮਾਮਲਾ


ਦਰਅਸਲ, ਇਹ ਮਾਮਲਾ ਬੰਗਾਲ ਵਿਧਾਨ ਸਭਾ ਸੀਟ ਨੰਬਰ-177 ਦੇ ਸੈਕਟਰ-17 ਦਾ ਹੈ। ਜਿੱਥੇ ਪਿੰਡ ਵਾਸੀਆਂ ਨੇ ਟੀਐਮਸੀ ਆਗੂ ਗੌਤਮ ਘੋਸ਼ ਦੇ ਘਰੋਂ ਈਵੀਐਮ ਤੇ 4 ਵੀਵੀਪੈਟ ਮਸ਼ੀਨਾਂ ਬਰਾਮਦ ਕੀਤੀਆਂ। ਮੁੱਢਲੀ ਜਾਂਚ 'ਚ ਚੋਣ ਕਮਿਸ਼ਨ ਨੇ ਪਾਇਆ ਹੈ ਕਿ ਸੈਕਟਰ ਅਧਿਕਾਰੀ ਤਪਨ ਸਰਕਾਰ ਰਿਜ਼ਰਵ ਈਵੀਐਮ ਤੇ ਵੀਵੀਪੈਟ ਦੇ ਨਾਲ ਆਪਣੇ ਸੈਕਟਰ 'ਚ ਮੌਜੂਦ ਸਨ।


ਵੋਟਿੰਗ ਤੋਂ ਇਕ ਰਾਤ ਪਹਿਲਾਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਸੌਣ ਗਏ ਸਨ ਤੇ ਮਸ਼ੀਨਾਂ ਵੀ ਆਪਣੇ ਨਾਲ ਲੈ ਗਏ ਸਨ। ਇਹ ਰਿਸ਼ਤੇਦਾਰ ਕੋਈ ਹੋਰ ਨਹੀਂ, ਸਗੋਂ ਟੀਐਮਸੀ ਆਗੂ ਸੀ। ਇੰਨਾ ਹੀ ਨਹੀਂ ਕਮਿਸ਼ਨ ਨੇ ਸਖਤ ਕਾਰਵਾਈ ਕਰਦਿਆਂ ਸੈਕਟਰ ਅਧਿਕਾਰੀ ਤਪਨ ਸਰਕਾਰ ਦੇ ਨਾਲ-ਨਾਲ ਪੁਲਿਸ ਦੀ ਪੂਰੀ ਟੁਕੜੀ ਨੂੰ ਮੁਅੱਤਲ ਕਰ ਦਿੱਤਾ ਹੈ।


ਵੋਟਿੰਗ ਤੋਂ ਪਹਿਲਾਂ ਹਿੰਸਾ


ਬੰਗਾਲ 'ਚ ਤੀਜੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਹਿੰਸਾ ਹੋਈ ਹੈ। ਦੱਖਣੀ 24 ਪਰਗਨਾ ਦੇ ਕੈਨਿੰਗ ਵੈਸਟ ਵਿਧਾਨ ਸਭਾ ਹਲਕੇ 'ਚ ਇੱਕ ਭਾਜਪਾ ਵਰਕਰ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ। ਉੱਥੇ ਹੀ ਹੁਗਲੀ 'ਚ ਇਕ ਭਾਜਪਾ ਸਮਰਥਕ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ।


ਟੀਐਮਸੀ 'ਤੇ ਇਸ ਦਾ ਦੋਸ਼ ਲਾਇਆ ਗਿਆ ਹੈ। ਦੂਜੇ ਪਾਸੇ ਦੁਰਗਾਪੁਰ ਦੇ ਕੈਨਿੰਗ ਈਸਟ 'ਚ ਆਈਐਸਐਫ ਤੇ ਟੀਐਮਸੀ ਦੇ ਕਾਰਕੁੰਨਾਂ ਦੀ ਆਪਸ 'ਚ ਝੜਪ ਹੋਈ। ਇਸ ਦੇ ਨਾਲ ਹੀ ਭਾਜਪਾ ਨੇ ਰਾਈਦਿਘੀ ਵਿਧਾਨ ਸਭਾ ਹਲਕੇ 'ਚ ਟੀਐਮਸੀ ਉੱਤੇ ਪੋਸਟਰ ਪਾੜ੍ਹਨ ਦਾ ਦੋਸ਼ ਲਗਾਇਆ।


 






 


'ਵੋਟ ਨਹੀਂ ਪਾਉਣ ਦੇ ਰਹੇ ਟੀਐਮਸੀ ਦੇ ਗੁੰਡੇ'


ਦੱਖਣੀ 24 ਪਰਗਣਾ ਦੀ ਡਾਇਮੰਡ ਹਾਰਬਰ ਸੀਟ ਤੋਂ ਭਾਜਪਾ ਉਮੀਦਵਾਰ ਦੀਪਕ ਹਲਦਰ ਨੇ ਦੋਸ਼ ਲਗਾਇਆ ਹੈ ਕਿ ਟੀਐਮਸੀ ਦੇ ਗੁੰਡੇ ਦਗੀਰਾ ਬਾਦੁਲਦੰਗਾ 'ਚ ਲੋਕਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ। ਇਸ ਮਾਮਲੇ 'ਚ ਹਲਦਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।