ਨਵੀਂ ਦਿੱਲੀ: ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਮੌਸਮ ਇੱਕ ਵਾਰ ਫਿਰ ਬਦਲੇਗਾ। ਭਾਰਤ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਅੱਜ ਮਤਲਬ 6 ਅਪ੍ਰੈਲ ਨੂੰ ਪੱਛਮੀ ਗੜਬੜੀ ਦਾ ਅਸਰ ਕਈ ਸੂਬਿਆਂ 'ਚ ਵੇਖਿਆ ਜਾ ਸਕਦਾ ਹੈ। ਇਸ ਕਾਰਨ ਪੰਜਾਬ, ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫ਼ਰਾਬਾਦ ਤੇ ਹਿਮਾਚਲ ਪ੍ਰਦੇਸ਼ 'ਚ ਅਗਲੇ ਦੋ ਦਿਨਾਂ 'ਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।
ਆਈਐਮਡੀ ਦੇ ਅਨੁਸਾਰ ਉੱਤਰਾਖੰਡ 'ਚ ਅਗਲੇ 72 ਘੰਟਿਆਂ 'ਚ ਮੀਂਹ ਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਵੇਖਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਦਿੱਲੀ-ਐਨਸੀਆਰ 'ਚ ਤੂਫ਼ਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਗਰਮੀ ਤੋਂ ਪ੍ਰੇਸ਼ਾਨ ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਤੋਂ ਰਾਹਤ ਮਿਲਣ ਜਾ ਰਹੀ ਹੈ। ਦਿੱਲੀ-ਐਨਸੀਆਰ ਦਾ ਮੌਸਮ ਫਿਰ ਬਦਲੇਗਾ ਤੇ 7 ਅਪ੍ਰੈਲ ਨੂੰ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ 3-4 ਦਿਨ ਤਕ ਧੂੜ ਭਰੀ ਹਨੇਰੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਅਜਿਹੇ 'ਚ 7 ਅਪ੍ਰੈਲ ਨੂੰ ਚੱਲਣ ਵਾਲੀ ਹਨੇਰੀ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਤਕ ਅਸਮਾਨ 'ਚ ਬੱਦਲਵਾਈ ਰਹੇਗੀ ਤੇ ਤਾਪਮਾਨ 'ਚ ਥੋੜ੍ਹਾ ਵਾਧਾ ਹੋਵੇਗਾ। ਮੌਸਮ ਵਿਭਾਗ ਅਨੁਸਾਰ 7 ਅਪ੍ਰੈਲ ਨੂੰ ਤੇਜ਼ ਹਨੇਰੀ ਚੱਲ ਸਕਦੀ ਹੈ। 8 ਅਪ੍ਰੈਲ ਤੋਂ 10 ਅਪ੍ਰੈਲ ਦੇ ਵਿਚਕਾਰ ਮੌਸਮ ਸਾਫ਼ ਰਹੇਗਾ। ਉਸ ਸਮੇਂ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 16 ਤੋਂ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਜੇ ਅਸੀਂ ਦੱਖਣ-ਪੱਛਮ ਰਾਜਸਥਾਨ ਤੇ ਪੂਰਬੀ ਰਾਜਸਥਾਨ ਦੀ ਗੱਲ ਕਰੀਏ ਤਾਂ ਅਗਲੇ ਦੋ ਦਿਨ ਤਕ ਇੱਥੇ ਗਰਮ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿਦਰਭ ਤੇ ਮੱਧ ਪ੍ਰਦੇਸ਼ 'ਚ ਵੀ 7 ਤੋਂ 9 ਅਪ੍ਰੈਲ ਤਕ ਲੂ ਚੱਲ ਸਕਦੀ ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰੀ ਰਾਜਸਥਾਨ, ਝਾਰਖੰਡ, ਪੱਛਮੀ ਉੱਤਰ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਤੇ ਉੱਤਰ-ਪੂਰਬੀ ਹਿੱਸਿਆਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।