ABP News-C Voter Opinion Poll: ਪੱਛਮੀ ਬੰਗਾਲ ਅਤੇ ਆਸਾਮ ਵਿੱਚ ਪਹਿਲੇ ਗੇੜ ਦੀ ਵੋਟਿੰਗ ਲਈ ਪ੍ਰਚਾਰ ਅੱਜ ਖ਼ਤਮ ਹੋ ਜਾਵੇਗਾ। ਪਹਿਲੇ ਗੇੜ ਤੋਂ ਪਹਿਲਾਂ ਏਬੀਪੀ ਨਿਊਜ਼ ਤੇ ਸੀ-ਵੋਟਰ ਦੇ ਫ਼ਾਈਨਲ ਓਪੀਨੀਅਨ ਪੋਲ ’ਚ ਕੀ ਤਸਵੀਰ ਸਾਹਮਣੇ ਆ ਰਹੀ ਹੈ। ਜਿਹੜੇ ਪੰਜ ਰਾਜਾਂ- ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲ ਨਾਡੂ ਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ; ਉਨ੍ਹਾਂ ਵਿੱਚ ਕਿਹੜੀ ਪਾਰਟੀ ਅੱਗੇ ਜਾਂਦੀ ਵਿਖਾਈ ਦੇ ਰਹੀ ਹੈ।


ਪੱਛਮੀ ਬੰਗਾਲ: ਪੱਛਮੀ ਬੰਗਾਲ ਦੀ 294 ਸੀਟਾਂ ਵਾਲੀ ਵਿਧਾਨ ਸਭਾ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਖਾਤੇ 152 ਤੋਂ 168 ਸੀਟਾਂ ਪੈ ਸਕਦੀਆਂ ਹਨ। ਭਾਜਪਾ ਨੂੰ 104 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ; ਜਦਕਿ ਕਾਂਗਰਸ ਅਤੇ ਖੱਬੇ ਮੁਹਾਜ਼ ਨੂੰ 18 ਤੋਂ 26 ਸੀਟਾਂ ਮਿਲ ਸਕਦੀਆਂ ਹਨ।


ਟੀਐਮਸੀ ਨੂੰ ਬੰਗਾਲ ’ਚ 42 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ; ਜਦਕਿ ਭਾਜਪਾ ਨੂੰ 37 ਫ਼ੀਸਦੀ ਵੋਟਾਂ ਪੈ ਸਕਦੀਆਂ ਹਨ। ਟੀਐਮਸੀ ਅਤੇ ਭਾਜਪਾ ਵਿਚਾਲੇ 5 ਫ਼ੀਸਦੀ ਵੋਟਾਂ ਦਾ ਫ਼ਰਕ ਹੈ। ਕਾਂਗਰਸ ਤੇ ਖੱਬੇ ਮੁਹਾਜ਼ ਦੇ ਹਿੱਸੇ 13 ਫ਼ੀਸਦੀ ਵੋਟਾਂ ਜਾਂਦੀਆਂ ਵਿਖਾਈ ਦੇ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ 8 ਫ਼ੀਸਦੀ ਵੋਟਾਂ ਹੋਰਨਾਂ ਦੇ ਖਾਤੇ ਜਾ ਸਕਦੀਆਂ ਹਨ।


ਆਸਾਮ: ਆਸਾਮ ਦੀ 126 ਸੀਟਾਂ ਵਾਲੀ ਵਿਧਾਨ ਸਭਾ ’ਚ ਭਾਜਪਾ ਗੱਠਜੋੜ ਨੂੰ 65 ਤੋਂ 73 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ। ਕਾਂਗਰਸ ਗੱਠਜੋੜ ਨੂੰ 52 ਤੋਂ 60 ਸੀਟਾਂ ਮਿਲ ਸਕਦੀਆਂ ਹਨ; ਜਦਕਿ ਹੋਰਨਾਂ ਦੇ ਖਾਤੇ 4 ਸੀਟਾਂ ਜਾਂਦੀਆਂ ਵਿਖਾਈ ਦੇ ਰਹੀਆਂ ਹਨ।


ਤਾਮਿਲਨਾਡੂ: ਇਸ ਵਾਰ ਦੱਖਣ ਦਾ ਸਿਆਸੀ ਚੋਣ ਪਿੜ ਕੋਈ ਘੱਟ ਦਿਲਚਸਪ ਨਹੀਂ ਹੈ। ਫ਼ਾਈਨਲ ਓਪੀਨੀਅਨ ਪੋਲ ’ਚ 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ’ਚ ਯੂਪੀਏ ਗੱਠਜੋੜ ਨੂੰ ਜਿੱਤ ਮਿਲਦੀ ਦਿਸ ਰਹੀ ਹੈ। ਯੂਪੀਏ ਨੂੰ 173 ਤੋਂ 181 ਸੀਟਾਂ ਮਿਲਣ ਦਾ ਅਨੁਮਾਨ ਹੈ। ਐਨਡੀਏ ਨੂੰ 45-53 ਸੀਟਾਂ ’ਤੇ ਗੁਜ਼ਾਰਾ ਕਰਨਾ ਪੈ ਸਕਦਾ ਹੈ; ਜਦ ਕਿ ਹੋਰਨਾਂ ਕੋਲ 2 ਤੋਂ 14 ਸੀਟਾਂ ਜਾਣ ਦਾ ਅਨੁਮਾਨ ਹੈ।


 


ਕੇਰਲ: 140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ’ਚ ਐਲਡੀਐਫ਼ ਨੂੰ 71 ਤੋਂ 83 ਸੀਟਾਂ ਮਿਲਣ ਦਾ ਅਨੁਮਾਨ ਹੈ। ਯੂਡੀਐਫ਼ ਨੂੰ 56 ਤੋਂ 68 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ; ਜਦ ਕਿ ਭਾਜਪਾ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਹਨ।


 


ਪੁੱਡੂਚੇਰੀ: 30 ਸੀਟਾਂ ਵਾਲੀ ਪੁੱਡੂਚੇਰੀ ਵਿਧਾਨ ਸਭਾ ’ਚ ਸੱਤਾ ਦੀ ਚਾਬੀ ਐੱਨਡੀਏ ਗੱਠਜੋੜ ਕੋਲ ਜਾਂਦੀ ਦਿਸ ਰਹੀ ਹੈ। ਯੂਪੀਏ ਨੂੰ 7 ਤੋਂ 11 ਸੀਟਾਂ ਮਿਲ ਸਕਦੀਆਂ ਹਨ। ਐੱਨਡੀਏ ਨੂੰ 19 ਤੋਂ 23 ਸੀਟਾਂ ਨਾਲ ਬਹੁਮੱਤ ਮਿਲਦਾ ਦਿਸ ਰਿਹਾ ਹੈ।