ਲੰਡਨ: ਯੂਕੇ ਦੀ ਅਦਾਲਤ ਨੇ ਬੇਸ਼ੱਕ ਭਗੌੜੇ ਭਾਰਤੀ ਸ਼ਰਾਬ ਕਾਰੋਬਾਰੀ ਤੇ ਸਰਕਾਰੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦੇ ਦੇਣਦਾਰ ਵਿਜੈ ਮਾਲਿਆ ਨੂੰ ਭਾਰਤ ਦੇ ਸਪੁਰਦ ਕਰਨ ਦੇ ਹੁਕਮ ਸੁਣਾ ਦਿੱਤੇ ਹਨ, ਪਰ ਅਜੇ ਵੀ ਮਾਲਿਆ ਨੂੰ ਭਾਰਤ ਲਿਆਉਣਾ ਸੌਖਾ ਨਹੀਂ। ਮਾਲਿਆ ਨੂੰ ਭਾਰਤ ਲਿਆਉਣ ਵਿੱਚ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਦਰਅਸਲ ਮਾਲਿਆ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਉੱਚ ਅਦਾਲਤ ਜਾਣਗੇ। ਮਾਲਿਆ ਦੀ ਸਪੁਰਦਗੀ ਸਬੰਧੀ ਫ਼ੈਸਲੇ ਮਗਰੋਂ ਉਸ ਕੋਲ ਹਾਈਕੋਰਟ ’ਚ ਅਪੀਲ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਇਸ ਅਰਸੇ ਦੌਰਾਨ ਉਸ ਨੂੰ ਗ਼੍ਰਿਫ਼ਤਾਰ ਵੀ ਨਹੀਂ ਕੀਤਾ ਜਾ ਸਕਦਾ ਤੇ ਉਹ ਜ਼ਮਾਨਤ ’ਤੇ ਰਹੇਗਾ। ਹਾਈਕੋਰਟ ਦੇ ਫੈਸਲੇ ਮਗਰੋਂ ਵੀ ਮਾਲਿਆ ਨੂੰ ਭਾਰਤ ਲਿਆਉਣ ਲਈ ਲੰਮੀ ਪ੍ਰਕ੍ਰਿਆ ਵਿੱਚੋਂ ਲੰਘਣਾ ਪੇਗਾ।
ਦੂਜੇ ਪਾਸੇ ਮੋਦੀ ਸਰਕਾਰ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਗੌੜੇ ਨੂੰ ਐਨਡੀਏ ਸਰਕਾਰ ਵਾਪਸ ਲੈ ਕੇ ਆਉਣ ਜਾ ਰਹੀ ਹੈ। ਜੇਤਲੀ ਨੇ ਆਪਣੇ ਟਵੀਟ ’ਚ ਕਿਹਾ ਕਿ ਇਹ ਭਾਰਤ ਲਈ ਵਧੀਆ ਦਿਨ ਹੈ ਤੇ ਕੋਈ ਵੀ ਭਾਰਤ ਨਾਲ ਧੋਖਾ ਕਰਕੇ ਖੁੱਲ੍ਹਾ ਨਹੀਂ ਘੁੰਮ ਸਕਦਾ।
ਯਾਦ ਰਹੇ ਸੋਮਵਾਰ ਨੂੰ ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ’ਚ ਲੋੜੀਂਦੇ ਭਗੌੜੇ ਵਿਜੈ ਮਾਲਿਆ ਨੂੰ ਯੂਕੇ ਦੀ ਅਦਾਲਤ ਨੇ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾਏ ਹਨ। ਫ਼ੈਸਲਾ ਸੁਣਾਉਂਦਿਆਂ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਮੁੱਖ ਮੈਜਿਸਟਰੇਟ ਜੱਜ ਐਮਾ ਆਰਬਥਨੌਟ ਨੇ ਕਿਹਾ ਕਿ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਕਿ ਮਾਲਿਆ ਖ਼ਿਲਾਫ਼ ਭਾਰਤ ’ਚ ਫ਼ਰਜ਼ੀ ਕੇਸ ਬਣਾਇਆ ਗਿਆ ਹੈ।