ਹੋਟਲਾਂ ਦੀ ਨਾਜਾਇਜ਼ ਉਸਾਰੀ ਲਈ ਜ਼ਿੰਮੇਵਾਰੀ ਕੌਣ?
ਏਬੀਪੀ ਸਾਂਝਾ | 03 May 2018 05:33 PM (IST)
ਕਸੌਲੀ: ਇੱਥੇ ਨਾਜਾਇਜ਼ ਤਰੀਕੇ ਨਾਲ ਉਸਾਰੀਆਂ ਵਪਾਰਕ ਇਮਾਰਤਾਂ ਨੂੰ ਢਾਹੁਣ ਲਈ ਜੁਟੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਦੂਜੇ ਵਿਭਾਗ ਦੀ ਜ਼ਿੰਮੇਵਾਰੀ ਕਹਿ ਕੇ ਪੱਲਾ ਛੁਡਾ ਰਹੇ ਹਨ। ਨਾਜਾਇਜ਼ ਉਸਾਰੀਆਂ ਹਟਵਾਉਣ ਗਈ ਮਹਿਲਾ ਅਧਿਕਾਰੀ ਦੀ ਹੱਤਿਆ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਹੈ। ਜ਼ਿਲ੍ਹਾ ਸੋਲਨ ਦੇ ਡੀਸੀ ਵਿਨੋਦ ਕੁਮਾਰ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਜਦ ਇਹ ਪੁੱਛਿਆ ਗਿਆ ਕਿ ਜਦ ਇਹ ਹੋਟਲ ਉਸਾਰੇ ਜਾ ਰਹੇ ਸੀ ਤਾਂ ਪ੍ਰਸ਼ਾਸਨ ਕੀ ਕਰ ਰਿਹਾ ਸੀ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਜ਼ਿੰਮੇਵਾਰੀ ਤਾਂ ਟਾਊਨ ਐਂਡ ਕੰਟਰੀ ਪਲਾਨਿੰਗ ਦੀ ਬਣਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਮਹਿਲਾ ਅਧਿਕਾਰੀ ਸ਼ੈਲ ਬਾਲਾ ਨੂੰ ਗੋਲ਼ੀ ਮਾਰੀ ਗਈ ਉਸ ਸਮੇਂ ਪੁਲਿਸ ਦੀ ਕਿਊਆਰਟੀ ਟੀਮ ਯਾਨੀ ਤੁਰਤ ਫੁਰਤ ਕਾਰਵਾਈ ਦਸਤਾ ਮੌਕੇ 'ਤੇ ਮੌਜੂਦ ਸੀ। ਫਿਰ ਵੀ ਉਨ੍ਹਾਂ ਨਾਲ ਇਹ ਦੁਰਘਟਨਾ ਵਾਪਰ ਗਈ। ਐਸਪੀ ਮੋਹਿਤ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਪਹਿਲਾਂ ਪੁਲਿਸ ਨੇ ਇੱਕ ਸਰਵੇਖਣ ਵੀ ਕੀਤਾ ਸੀ, ਪਰ ਉਹ ਨਾਰਾਇਨੀ ਹੋਟਲ ਤਕ ਨਹੀਂ ਪਹੁੰਚਿਆ। ਵਾਰਦਾਤ ਸਮੇਂ ਹੋਟਲ ਦੇ ਗੁਆਂਢੀ ਹੋਟਲ ਵਿੱਚ ਪੁਲਿਸ ਬੈਠੀ ਸੀ ਤੇ ਗੋਲੀ ਦੀ ਆਵਾਜ਼ ਸੁਣ ਕੇ ਇੱਧਰ ਆਈ। ਉਦੋਂ ਤਕ ਹੋਟਲ ਮਾਲਕ ਮੁਲਜ਼ਮ ਵਿਜੇ ਫਰਾਰ ਹੋਣ 'ਚ ਕਾਮਯਾਬ ਰਿਹਾ। ਵਿਜੇ ਦੇ ਸਿਰ ਇਨਾਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਸ ਦੀ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਦੇਵੇਗੀ। ਪੁਲਿਸ ਨੇ ਵਿਜੇ ਦੇ ਪੋਸਟਰ ਸੋਸ਼ਲ ਮੀਡੀਆ ਤੇ ਹਿਮਾਚਲ ਵਿੱਚ ਥਾਂ-ਥਾਂ 'ਤੇ ਲਾਏ ਹੋਏ ਹਨ। ਐਸਪੀ ਨੇ ਕਿਹਾ ਕਿ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।