ਯਾਦਵਿੰਦਰ ਸਿੰਘ


ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਾਫੀ ਸਮਾਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਸੀ। ਉਸ ਸਮੇਂ ਤੋਂ ਪੰਜਾਬ ਦੇ ਵਰਕਰ ਮਨੀਸ਼ ਸਿਸੋਦੀਆ ਦੇ ਪੰਜਾਬ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਸਿਸੋਦੀਆਂ ਅਜੇ ਤੱਕ ਪੰਜਾਬ ਨਹੀਂ ਆਏ।

ਆਮ ਆਦਮੀ ਪਾਰਟੀ ਦੀ ਕੱਲ੍ਹ ਨੂੰ ਅਹਿਮ ਬੈਠਕ ਹੋਣ ਜਾ ਰਹੀ ਹੈ ਪਰ ਉਸ ਵਿੱਚ ਮਨੀਸ਼ ਸਿਸੋਦੀਆਂ ਨਹੀਂ ਪੁੱਜ ਰਹੇ। ਪਹਿਲਾਂ ਕਿਹਾ ਗਿਆ ਸੀ ਕਿ ਮਨੀਸ਼ ਇਸ ਬੈਠਕ ਦੀ ਅਗਵਾਈ ਕਰਨਗੇ। ਦਰਅਸਲ ਜਦੋਂ ਤੋਂ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਦੋ ਗੁਪਤਿਆਂ ਨੂੰ ਰਾਜ ਸਭਾ 'ਚ ਭੇਜਿਆ ਹੈ, ਉਦੋਂ ਤੋਂ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਤੋਂ ਨਾਰਾਜ਼ ਹਨ।

ਦਿੱਲੀ ਦੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਕਿਤੇ ਸਿਸੋਦੀਆ ਦਾ ਪੰਜਾਬ ਜਾਣ 'ਤੇ ਵਿਰੋਧ ਹੀ ਨਾ ਹੋ ਜਾਵੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਕੰਵਰ ਸੰਧੂ ਵੀ ਪਾਰਟੀ ਨੂੰ ਅਗਾਹ ਕਰ ਚੁੱਕੇ ਹਨ ਕਿ ਪੰਜਾਬ ਦੇ ਵਰਕਰ ਪਾਰਟੀ ਦੇ ਇਸ ਫੈਸਲੇ ਤੋਂ ਖ਼ੁਸ਼ ਨਹੀਂ। ਉਨ੍ਹਾਂ ਕਿਹਾ ਕਿ ਉਹ ਪਾਰਟੀ 'ਚ ਲੋਕ ਭਾਵਨਾਵਾਂ ਨੂੰ ਰੱਖ ਰਹੇ ਹਨ। ਇਕੱਲੇ ਪੰਜਾਬ 'ਚ ਹੀ ਨਹੀਂ ਰਾਜ ਸਭਾ ਵਾਲੇ ਮਾਮਲੇ ਤੋਂ ਬਾਅਦ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੋਈ ਸਰਗਰਮੀ ਨਹੀਂ ਕਰ ਰਹੀ।

ਕੁਮਾਰ ਵਿਸਵਾਸ਼ ਦੇ ਵਿਰੋਧ ਤੋਂ ਬਾਅਦ ਵਰਕਰਾਂ ਨੇ ਕੇਜਰੀਵਾਲ ਧੜੇ ਨਾਲ ਵੱਡੀ ਨਾਰਾਜ਼ਗੀ ਜਤਾਈ ਸੀ। ਇਸ ਦੇ ਨਾਲ ਹੀ ਪੈਸੇ ਤੇ ਕਾਂਗਰਸੀ ਪਿੱਠਭੂਮੀ ਵਾਲੇ ਵਿਅਕਤੀ ਨੂੰ ਰਾਜ ਸਭਾ ਭੇਜਣ 'ਤੇ ਵੀ ਵੱਡੇ ਸਵਾਲ ਉੱਠੇ ਸੀ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਪਾਰਟੀ ਨੇ ਇਸ ਮਾਮਲੇ 'ਤੇ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਪਾਰਟੀ ਰਾਇ ਲੈਂਦੀ ਤਾਂ ਉਹ ਆਪਣਾ ਪੱਖ ਜ਼ਰੂਰ ਰੱਖਦੇ।