ਪਤਨੀ ਦੀ ਮੌਤ ਤੋਂ ਕੁਝ ਮਿੰਟ ਬਾਅਦ ਹੀ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਇਸੇ ਹਸਪਤਾਲ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਅਸਾਮ ਦੇ ਗ੍ਰਹਿ ਸਕੱਤਰ ਸ਼ਿਲਾਦਿਤਿਆ ਚੇਤੀਆ ਇੱਕ ਆਈਪੀਐਸ ਅਧਿਕਾਰੀ ਸਨ ਜਿਨ੍ਹਾਂ ਨੂੰ ਰਾਸ਼ਟਰਪਤੀ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਉਮਰ 44 ਸਾਲ ਸੀ।
ਪੁਲਿਸ ਮੁਤਾਬਕ 2009 ਬੈਚ ਦੇ ਆਈਪੀਐਸ ਅਧਿਕਾਰੀ ਸ਼ਿਲਾਦਿਤਿਆ ਚੇਤੀਆ ਨੇ ਆਈਸੀਯੂ ਦੇ ਅੰਦਰ ਆਪਣੇ ਸਰਕਾਰੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਇਥੇ ਹੀ ਕੁਝ ਮਿੰਟ ਪਹਿਲਾਂ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ। ਰਾਜ ਦੇ ਗ੍ਰਹਿ ਸਕੱਤਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ, ਚੇਤੀਆ ਨੇ ਤਿਨਸੁਕੀਆ ਅਤੇ ਸੋਨਿਤਪੁਰ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ (ਐਸਪੀ) ਅਤੇ ਅਸਾਮ ਪੁਲਿਸ ਦੀ ਚੌਥੀ ਬਟਾਲੀਅਨ ਦੇ ਕਮਾਂਡੈਂਟ ਵਜੋਂ ਸੇਵਾ ਨਿਭਾਈ ਸੀ। ਚੇਤੀਆ ਦੀ ਪਤਨੀ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਹਸਪਤਾਲ 'ਚ ਦਾਖਲ ਸੀ।
ਪਤਨੀ ਦੀ ਮੌਤ ਦਾ ਸਦਮਾ
ਸ਼ਿਲਾਦਿਤਿਆ ਚੇਤੀਆ ਦੀ ਪਤਨੀ ਅਗਮੋਨੀ ਬੋਰਬਾਰੂਆ 40 ਸਾਲ ਦੀ ਸੀ। ਸ਼ਾਮ 4.25 'ਤੇ ਨਾਮਕੇਅਰ ਹਸਪਤਾਲ 'ਚ ਉਸ ਦੀ ਮੌਤ ਹੋ ਗਈ। 10 ਮਿੰਟ ਬਾਅਦ ਆਈਪੀਐਸ ਅਧਿਕਾਰੀ ਚੇਤੀਆ ਵੀ ਇਸ ਦੁਨੀਆਂ ਤੋਂ ਚਲੇ ਗਏ। ਆਪਣੀ ਪਤਨੀ ਦੀ ਮੌਤ ਤੋਂ ਬਾਅਦ, ਉਹ ਪਹਿਲਾਂ ਆਈਸੀਯੂ ਕੈਬਿਨ ਵਿੱਚ ਗਏ ਅਤੇ ਮੈਡੀਕਲ ਸਟਾਫ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਪਤਨੀ ਦੀ ਮ੍ਰਿਤਕ ਦੇਹ ਦੇ ਕੋਲ ਪ੍ਰਾਰਥਨਾ ਕਰਨਾ ਚਾਹੁੰਦਾ ਹੈ, ਇਸ ਲਈ ਉਸਨੂੰ ਕੁਝ ਸਮੇਂ ਲਈ ਇਕੱਲਾ ਛੱਡ ਦਿੱਤਾ ਜਾਵੇ। ਇਸ ਤੋਂ ਬਾਅਦ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ। ਗੋਲੀਆਂ ਚੱਲਣ ਦੀ ਆਵਾਜ਼ ਨੇ ਹਸਪਤਾਲ 'ਚ ਹਲਚਲ ਮਚਾ ਦਿੱਤੀ।
ਪਤਨੀ ਦੀ ਲਾਸ਼ ਦੇ ਸਾਹਮਣੇ ਦੇ ਦਿੱਤੀ ਆਪਣੀ ਜਾਨ
ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ, ਨਮਕੇਅਰ ਦੇ ਮੈਨੇਜਿੰਗ ਡਾਇਰੈਕਟਰ ਹਿਤੇਸ਼ ਬਰੂਆ ਨੇ ਦੱਸਿਆ, 'ਜਦੋਂ ਅਸੀਂ ਗੋਲੀ ਦੀ ਆਵਾਜ਼ ਸੁਣੀ ਤਾਂ ਅਸੀਂ ਭੱਜੇ ਅਤੇ ਉਨ੍ਹਾਂ ਨੂੰ ਆਪਣੀ ਪਤਨੀ ਦੀ ਲਾਸ਼ ਕੋਲ ਪਿਆ ਦੇਖਿਆ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਚਾ ਨਹੀਂ ਸਕੇ। ਪਤਨੀ ਅਗਮੋਨੀ ਦਾ ਕਰੀਬ ਦੋ ਮਹੀਨਿਆਂ ਤੋਂ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਤਿੰਨ ਦਿਨ ਪਹਿਲਾਂ ਉਸ ਦੀ ਹਾਲਤ ਵਿਗੜ ਗਈ। ਅਸੀਂ ਚੇਤੀਆ ਨੂੰ ਉਨ੍ਹਾਂ ਦੀ ਹਾਲਤ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਸਾਡੀ ਗੱਲ ਸਮਝ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ ਅਤੇ ਜੋੜੇ ਦੇ ਕੋਈ ਔਲਾਦ ਨਹੀਂ ਸੀ।
ਰਾਸ਼ਟਰਪਤੀ ਤੋਂ ਮਿਲ ਚੁੱਕਿਆ ਹੈ ਸਨਮਾਨ
ਅਸਾਮ ਦੇ ਡੀਜੀਪੀ ਜੀਪੀ ਸਿੰਘ ਨੇ ਚੇਤੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਚੇਤੀਆ ਨੇ ਤਿਨਸੁਕੀਆ, ਨਲਬਾੜੀ, ਕੋਕਰਾਝਾਰ ਅਤੇ ਬਾਰਪੇਟਾ ਜ਼ਿਲ੍ਹਿਆਂ ਵਿੱਚ ਪੁਲਿਸ ਸੁਪਰਡੈਂਟ ਵਜੋਂ ਕੰਮ ਕੀਤਾ ਸੀ। ਉਨ੍ਹਾਂ ਦੇ ਪਿਤਾ ਵੀ ਪੁਲਿਸ ਅਫਸਰ ਸਨ। ਆਪਣੀ ਬਹਾਦਰੀ ਅਤੇ ਹਿੰਮਤ ਲਈ ਜਾਣੇ ਜਾਂਦੇ ਚੇਤੀਆ ਨੇ ਅਪਰਾਧਿਕ ਅਤੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਈ ਅਪ੍ਰੇਸ਼ਨਾਂ ਦੀ ਅਗਵਾਈ ਕੀਤੀ। ਇਸ ਦੇ ਲਈ ਉਨ੍ਹਾਂ ਨੂੰ 2015 ਵਿਚ ਆਜ਼ਾਦੀ ਦਿਵਸ 'ਤੇ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਵੀ ਮਿਲਿਆ ਸੀ।