ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਰਾਜਨੀਤਕ ਪਾਰਟੀਆਂ ਜਨਤਾ ਨੂੰ ਖੁਸ਼ ਕਰਨ ਲਈ ਬਾਲੀਵੁੱਡ ਸਿਤਾਰਿਆਂ ਨੂੰ ਚੋਣ ਅਖਾੜੇ ‘ਚ ਉਤਾਰਨ ਦੀ ਜਦੋਜਹਿਦ ‘ਚ ਲੱਗੀਆਂ ਹੋਈਆਂ ਹਨ। ਅੱਜ ਐਕਟਰ ਉਰਮਿਲਾ ਮਾਤੌਂਡਕਰ ਕਾਂਗਰਸ ਦਾ ਹੱਥ ਫੜੇਗੀ ਜਦਕਿ ਖ਼ਬਰਾਂ ਇਹ ਵੀ ਨੇ ਕਿ ਐਕਟਰ ਸੰਨੀ ਦਿਓਲ ਬੀਜੇਪੀ ਦਾ ਹਿੱਸਾ ਬਣ ਲੋਕ ਸਭਾ ਚੋਣ ਲੜ ਸਕਦੇ ਹਨ।
ਇਸ ਬਾਰੇ ਅਜੇ ਤਕ ਸੰਨੀ ਦਿਓਲ ਤੇ ਬੀਜੇਪੀ ਵੱਲੋਂ ਰਸਮੀ ਐਲਾਨ ਨਹੀਂ ਹੋਇਆ ਹੈ। ਚਰਚਾ ਹੈ ਕਿ ਬੀਜੇਪੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੰਨੀ ਦਿਓਲ ਨੂੰ ਚੋਣਾਂ ‘ਚ ਖੜ੍ਹੇ ਕਰਨਾ ਚਾਹੁੰਦੀ ਹੈ। ਇਹ ਸੀਟ ਪੰਜਾਬ ਦੀ ਲੋਕ ਸਭਾ ਸੀਟ ਹੈ ਜਿੱਥੇ ਮਰਹੂਮ ਐਕਟਰ ਵਿਨੋਦ ਖੰਨਾ ਚਾਰ ਵਾਰ ਸੰਸਦ ਰਹਿ ਚੁੱਕੇ ਹਨ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇਹ ਸੀਟ ਕਾਂਗਰਸ ਦੇ ਪੱਖ ‘ਚ ਚਲੀ ਗਈ ਸੀ।
ਸੰਨੀ ਦਿਓਲ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਧਰਮਿੰਦਰ ਵੀ ਭਾਜਪਾ ਟਿਕਟ ‘ਤੇ 2004 ‘ਚ ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਲੜ ਜਿੱਤ ਚੁੱਕੇ ਹਨ। ਉਧਰ ਸੰਨੀ ਦੀ ਮਤਰੇਈ ਮਾਂ ਹੇਮਾ ਮਾਲਿਨੀ ਹੁਣ ਮਥੁਰਾ ਤੋਂ ਬੀਜੇਪੀ ਟਿਕਟ ‘ਤੇ ਲੋਕ ਸਭਾ ਸੀਟ ਲਈ ਖੜ੍ਹੀ ਹੈ। ਹੁਣ ਦੇਖਦੇ ਹਾਂ ਸੰਨੀ ਦਿਓਲ ਦਾ ਸਿਆਸਤ ‘ਚ ਡੈਬਿਊ ਕਦੋਂ ਹੁੰਦਾ ਹੈ ਤੇ ਉਹ ਕਿਵੇਂ ਸਿਆਸੀ ਪਾਰੀ ਖੇਡਦੇ ਹਨ।