ਅਟਾਰੀ: ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦੌਰਾਨ ਦੇਸ਼ ਨੂੰ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰੀ ਦਬਾਅ ਕਾਰਨ 24 ਘੰਟਿਆਂ ਵਿੱਚ ਪਾਕਿਸਤਾਨ ਹਿਰਾਸਤ ਵਿੱਚ ਲਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨਗੇ। ਪਾਕਿ ਵੱਲੋਂ ਪਾਇਲਟ ਦੀ ਰਿਹਾਈ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਅਭਿਨੰਦਨ ਨੂੰ ਲੈਣ ਲਈ ਅਟਾਰੀ ਬਾਰਡਰ 'ਤੇ ਜਾਣਗੇ।


ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਕਦਮ ਨੂੰ ‘ਸ਼ਾਂਤੀ ਦਾ ਸੁਨੇਹਾ’ ਦੱਸਦਿਆਂ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਨੂੰ ਰਿਹਾਅ ਕਰ ਦੇਣਗੇ। ਖ਼ਾਨ ਨੇ ਭਾਰਤੀ ਪਾਇਲਟ ਦੀ ਰਿਹਾਈ ਨੂੰ ਗੁਆਂਢੀ ਮੁਲਕ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਦਿਸ਼ਾ ਵਿੱਚ ‘ਪਹਿਲਾ ਕਦਮ’ ਕਰਾਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਐਫ-16 ਨੂੰ ਡੇਗਣ ਮਗਰੋਂ ਅਭਿਨੰਦਨ ਦਾ ਮਿੱਗ-21 ਵੀ ਕਰੈਸ਼ ਹੋ ਗਿਆ ਸੀ। ਇਸ ਮਗਰੋਂ ਵਿੰਗ ਕਮਾਂਡਰ ਮਕਬੂਜ਼ਾ ਕਸ਼ਮੀਰ ਵਿੱਚ ਪੈਰਾਸ਼ੂਟ ਰਾਹੀਂ ਉੱਤਰ ਗਏ ਸਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਗਰੋਂ ਅੱਜ ਅਭਿਨੰਦਨ ਵਰਤਮਾਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇਗਾ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਬੇਸ ਤੇ ਫਿਰ ਦਿੱਲੀ ਲਿਜਾਇਆ ਜਾਵੇਗਾ।