ਲਖਨਊ: ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਪਹਿਲਾਂ ਲੀਡਰਾਂ ਦੀ ਦੂਸ਼ਣਬਾਜ਼ੀ ਵੀ ਤੇਜ਼ ਹੋ ਗਈ ਹੈ। ਹਰ ਰੋਜ਼ ਵਿਵਾਦਤ ਬਿਆਨ ਸੁਰਖ਼ੀਆਂ ਬਣ ਰਹੇ ਹਨ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇੱਕ ਵਾਰ ਫਿਰ ਪੀਐਮ ਮੋਦੀ 'ਤੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਬੀਜੇਪੀ ਵਿੱਚ ਖ਼ਾਸਕਰ ਵਿਆਹੀਆਂ ਮਹਿਲਾਵਾਂ ਆਪਣੇ ਪਤੀਆਂ ਨੂੰ ਪੀਐਮ ਮੋਦੀ ਦੇ ਨੇੜੇ ਜਾਂਦਾ ਵੇਖ ਘਬਰਾ ਜਾਂਦੀਆਂ ਹਨ। ਮਾਇਆਵਤੀ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਡਰ ਹੈ ਕਿ ਕਿਤੇ ਪੀਐਮ ਮੋਦੀ ਉਨ੍ਹਾਂ ਨੂੰ ਵੀ ਆਪਣੀ ਪਤਨੀ ਵਾਂਗ ਉਨ੍ਹਾਂ ਦੇ ਪਤੀਆਂ ਤੋਂ ਵੱਖਰਿਆਂ ਨਾ ਕਰ ਦੇਣ। ਮਹਿਲਾਵਾਂ ਇਹ ਸੋਚਦੀਆਂ ਹਨ ਕਿ ਕਿਤੇ ਮੋਦੀ ਆਪਣੀ ਔਰਤ ਵਾਂਗ ਸਾਨੂੰ ਵੀ ਪਤੀਆਂ ਤੋਂ ਅੱਡ ਨਾ ਕਰ ਦੇਣ। ਮਾਇਆਵਤੀ ਨੇ ਮਾਮਲੇ 'ਤੇ ਬਿਆਨ ਦਿੰਦਿਆਂ ਪੀਐਮ ਮੋਦੀ ਦੀ ਪਤਨੀ ਨੂੰ ਵੀ ਘਸੀਟਿਆ। ਬਸਪਾ ਸੁਪਰੀਮੋ ਨੇ ਕਿਹਾ ਕਿ ਬੀਜੇਪੀ ਦੇ ਲੋਕ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ। ਇੱਥੋਂ ਤਕ ਕਿ ਸਿਆਸੀ ਸੁਆਰਥ ਲਈ ਪੀਐਮ ਮੋਦੀ ਨੇ ਆਪਣੀ ਪਤਨੀ ਨੂੰ ਵੀ ਛੱਡ ਦਿੱਤਾ। ਮਾਇਆਵਤੀ ਨੇ ਕਿਹਾ ਕਿ ਮੋਦੀ ਜੇ ਸਿਆਸੀ ਲਾਭ ਲਈ ਆਪਣੀ ਪਤਨੀ ਨੂੰ ਛੱਡ ਸਕਦੇ ਹਨ ਤਾਂ ਦੇਸ਼ ਦੀਆਂ ਮਾਂਵਾਂ-ਭੈਣਾਂ ਨੂੰ ਕਿਵੇਂ ਨਿਆਂ ਦਿਵਾ ਸਕਦੇ ਹਨ? ਉਨ੍ਹਾਂ ਨੂੰ ਮੋਦੀ ਕਿਵੇਂ ਸਨਮਾਨ ਦੇਣਗੇ? ਮਾਇਆਵਤੀ ਨੇ ਪੀਐਮ ਮੋਦੀ 'ਤੇ ਅਲਵਰ ਦੇ ਸਮੂਹਿਕ ਬਲਾਤਕਾਰ 'ਤੇ ਪੀਐਮ ਦੇ ਸ਼ਾਂਤ ਰਹਿਣ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੋਦੀ ਇੱਥੇ ਵੀ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਵਿੱਚ ਹਨ। ਉਹ ਇਸ ਕਰਕੇ ਨਹੀਂ ਬੋਲ ਰਹੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਦਾ ਨੁਕਸਾਨ ਹੋਏਗਾ। ਉਨ੍ਹਾਂ ਪੀਐਮ ਮੋਦੀ ਦੇ ਦਲਿਤ ਪ੍ਰੇਮ ਉੱਤੇ ਵੀ ਸਵਾਲ ਚੁੱਕੇ।