ਨਵੀਂ ਦਿੱਲੀ: ਹਰਿਆਣਾ ਦੀ ਖੱਟਰ ਸਰਕਾਰ ਨੂੰ ਇੱਕ ਵਾਰ ਫਿਰ ਵਿਰੋਧੀ ਧਿਰ ਦਾ ਵਿਰੋਧ ਦਾ ਟਾਕਰਾ ਕਰਨਾ ਪੈ ਰਿਹਾ ਹੈ। ਇਸ ਵਾਰ ਮਾਮਲਾ ਔਰਤਾਂ ਨਾਲ ਜੁੜਿਆ ਹੈ। ਸ਼ਨੀਵਾਰ ਨੂੰ ਹਰਿਆਣਾ ਸਵਰਨ ਜੈਯੰਤੀ ਸਮਾਰੋਹ ਸੀ। ਇਸ ਮੌਕੇ ਪੰਚਾਇਤੀ ਰਾਜ ਮੰਤਰੀ ਓ.ਪੀ. ਧਨਕੜ ਨੇ ਹਰਿਆਣਾ ਦੇ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੂੰ ਬੁਲਾਇਆ ਸੀ।


ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਔਰਤਾਂ ਆਈਆਂ ਪਰ ਜਿਨ੍ਹਾਂ ਨੇ ਕਾਲੇ ਕੱਪੜੇ ਪਾਏ ਸਨ ਜਾਂ ਕਾਲੇ ਦੁੱਪਟੇ ਲਏ ਸਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਤੋਂ ਕਾਲੇ ਕੱਪੜੇ ਚੇਂਜ ਕਰਵਾਏ ਗਏ ਫਿਰ ਹੀ ਉਹ ਅੰਦਰ ਜਾ ਸਕੀਆਂ। ਇਸ ਕਾਰਨ ਕਈ ਔਰਤਾਂ ਪ੍ਰੋਗਰਾਮ 'ਚ ਸ਼ਾਮਲ ਨਾ ਹੋ ਕੇ ਪਰਤ ਗਈਆਂ। ਜਦੋਂ ਇਸ ਮਾਮਲੇ 'ਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨਾਲ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜੁਆਬ ਨਹੀਂ ਦਿੱਤਾ ਪਰ ਉਨ੍ਹਾਂ ਦੇ ਇੱਕ ਮੰਤਰੀ ਨੇ ਬੜੀ ਬੇਤੁਕੀ ਗੱਲ ਕਰ ਦਿੱਤੀ।

ਹਰਿਆਣਾ ਸਰਕਾਰ 'ਚ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਸਫਾਈ ਦਿੰਦੇ ਹੋਏ ਕਿਹਾ, "ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਸਾਰੇ ਕੰਮ ਕੀਤੇ। ਰਾਜੀਵ ਗਾਂਧੀ ਦਾ ਕਤਲ ਵੀ ਇੱਕ ਔਰਤ ਨੇ ਕੀ ਕੀਤਾ ਸੀ, ਤਾਂ ਫਿਰ ਦੱਸੋ ਕਿਸ ਨੂੰ ਛੋਟ ਦੇਈਏ।" ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ ਤੇ ਕਿਹਾ ਕਿ ਹਰਿਆਣਾ ਸਰਕਾਰ ਨੇ ਔਰਤਾਂ ਦੀ ਇਜ਼ੱਤ ਦੀ ਥੋੜ੍ਹੀ ਵੀ ਫਿਕਰ ਨਹੀਂ।