ਕੋਲਾਰ: ਕਰਨਾਟਕ ਦੇ ਕੋਲਾਰ ਸਥਿਤ ਵਿਸਟ੍ਰੌਨ ਦੇ ਪਲਾਂਟ ’ਚ ਸਨਿੱਚਰਵਾਰ ਨੂੰ ਹਿੰਸਾ ਫੈਲਣ ਕਾਰਣ 440 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਹਜ਼ਾਰਾਂ ਆਈਫ਼ੋਨ ਲੁੱਟ ਲਏ ਗਏ ਸਨ। ਕੰਪਨੀ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।



ਦਰਅਸਲ, ਆਈਫ਼ੋਨ ਤਿਆਰ ਕਰਨ ਵਾਲੀ ਇਸ ਕੰਪਨੀ ਦੇ ਆਪਣੇ ਕਾਮਿਆਂ ਨੇ ਹੀ ਰੋਹ ’ਚ ਆ ਕੇ ਪਹਿਲਾਂ ਫ਼ੈਕਟਰੀ ਦੀ ਇਮਾਰਤ ਉੱਤੇ ਪਥਰਾਅ ਕੀਤਾ ਤੇ ਲੁੱਟ ਮਚਾ ਦਿੱਤੀ। ਕੋਲਾਰ ਜ਼ਿਲ੍ਹੇ ਦੇ ਨਰਾਸਾਪੁਰਾ ’ਚ ਮੌਜੂਦ ਫ਼ੈਕਟਰੀ ਦੇ ਕਾਮਿਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਹੈ; ਜਿਸ ਕਾਰਨ ਉਹ ਗੁੱਸੇ ’ਚ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵਰਕਰਾਂ ਨੇ ਪਥਰਾਅ ਕਰਦਿਆਂ ਫ਼ੈਕਟਰੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ, ਵਾਹਨਾਂ, ਫ਼ਰਨੀਚਰ, ਕੰਪਿਊਟਰਾਂ ਤੇ ਲੈਪਟੌਪਸ ਦਾ ਡਾਢਾ ਨੁਕਸਾਨ ਕੀਤਾ। ਕੋਲਾਰ ਦੇ ਪੁਲਿਸ ਅਧਿਕਾਰੀ ਅਨੁਸਾਰ ਵਰਕਰਾਂ ਨੇ ਫੈਕਟਰੀ ਉੱਤੇ ਸਵੇਰੇ 6.30 ਵਜੇ ਹੀ ਧਾਵਾ ਬੋਲ ਕੇ ਕਾਫ਼ੀ ਜ਼ਿਆਦਾ ਮਾਲੀ ਨੁਕਸਾਨ ਕੀਤਾ।

ਇਸ ਫ਼ੈਕਟਰੀ ’ਚ ਸੱਤ ਤੋਂ ਅੱਠ ਹਜ਼ਾਰ ਕਾਮੇ ਕੰਮ ਕਰਦੇ ਹਨ। ਪੁਲਿਸ ਨੂੰ ਕਰਮਚਾਰੀਆਂ ਦੀ ਵੱਡੀ ਭੀੜ ਖਿੰਡਾਉਣ ਲਈ ਲਾਠੀਚਾਰਜ ਕਰਨਾ ਪਿਆ। ਫ਼ੈਕਟਰੀ ਦੇ ਕੈਂਪਸ ਅੰਦਰ ਖੜ੍ਹੇ ਦੋ ਵਾਹਨਾਂ ਨੂੰ ਅੱਗ ਵੀ ਲਾ ਦਿੱਤੀ ਗਈ। ਕਰਨਾਟਕ ਸਰਕਾਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਕਰਨਾਟਕ ਦੇ ਉੱਪ ਮੁੱਖ ਮੰਤਰੀ ਸੀਐੱਨ ਅਸ਼ਵਤਨਾਰਾਇਣ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਪੀ ਨਾਲ ਗੱਲ ਕੀਤੀ ਹੈ ਤੇ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ। ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਕਰਨਾਟਕ ਦੇ ਕਿਰਤ ਮੰਤਰੀ ਸ਼ਿਵਰਾਮ ਹੈਬਾਰ ਨੇ ਇਸ ਹਿੰਸਕ ਘਟਨਾ ਨੂੰ ਗ਼ੈਰ ਵਾਜਬ ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ।