2019 ਵਿਸ਼ਵ ਕੱਪ ਵਿੱਚ ਆਪਣੇ ਪਹਿਲੇ ਮੈਚ ਖੇਡਦਿਆਂ ਭਾਰਤੀ ਕ੍ਰਿਕੇਟ ਟੀਮ ਨੇ ਵਿਰੋਧੀ ਟੀਮ ਦੱਖਣੀ ਅਫਰੀਕਾ ਦੇ 9 ਖਿਡਾਰੀ ਆਊਟ ਕਰਕੇ ਉਨ੍ਹਾਂ ਨੂੰ 227 ਦੌੜਾਂ 'ਤੇ ਰੋਕ ਦਿੱਤਾ ਹੈ। ਹਾਲਾਂਕਿ, ਭਾਰਤ ਦੱਖਣੀ ਅਫਰੀਕਾ 'ਤੇ ਕਾਫੀ ਹਾਵੀ ਹੋ ਗਿਆ ਸੀ, ਪਰ ਮੱਧ ਕ੍ਰਮ ਦੇ ਬੱਲੇਬਾਜ਼ ਕੁਝ ਸੰਭਾਲ ਗਏ। ਭਾਰਤ ਨੇ ਜਿੱਤ ਲਈ 50 ਓਵਰਾਂ ਵਿੱਚ 228 ਦੌੜਾਂ ਬਣਾਉਣੀਆਂ ਹਨ। ਭਾਰਤੀ ਟੀਮ ਨੇ ਵੀ ਟੀਚੇ ਦਾ ਪਿੱਛਾ ਸ਼ੁਰੂ ਕਰ ਦਿੱਤਾ ਹੈ ਅਤੇ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਕਰੀਜ਼ 'ਤੇ ਟਿਕੀ ਹੋਈ ਹੈ।


ਭਾਰਤ ਦੇ ਗੇਂਦਬਾਜ਼ਾਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕਰਦਿਆਂ ਦੱਖਣੀ ਅਫਰੀਕੀ ਖਿਡਾਰੀਆਂ ਵੱਡਾ ਸਕੋਰ ਖੜ੍ਹਾ ਕਰਨ ਹੀ ਨਾ ਦਿੱਤਾ। ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਯੁਜਵੇਂਦਰ ਚਹਿਲ ਨੇ। ਚਹਿਲ ਨੇ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।

ਚਹਿਲ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ 35 ਤੇ ਭੁਵਨੇਸ਼ਵਰ ਕੁਮਾਰ ਨੇ 44 ਦੌੜਾਂ ਦੇ ਕੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ, ਜਦਕਿ ਕੁਲਦੀਪ ਯਾਦਵ ਨੇ ਇੱਕ ਵਿਕਟ ਹਾਸਲ ਕੀਤੀ। ਗੇਂਦਬਾਜ਼ਾਂ ਨੇ ਚੰਗੀ ਲੈਅ ਬਰਕਰਾਰ ਰੱਖੀ ਇਸ ਲਈ ਪੂਰੇ ਮੈਚ ਵਿੱਚ ਸਿਰਫ 10 ਦੌੜਾਂ ਹੀ ਵਾਧੂ ਗਈਆਂ।


ਦੱਖਣੀ ਅਫਰੀਕਾ ਦੀ ਸ਼ੁਰੂਆਤ ਹੀ ਬੇਹੱਦ ਖ਼ਰਾਬ ਰਹੀ ਅਤੇ ਭਾਰਤ ਨੇ ਮੈਚ 'ਤੇ ਪਕੜ ਮਜ਼ਬੂਤ ਕਰ ਲਈ। ਬੱਲੇਬਾਜ਼ਾਂ ਵਿੱਚੋਂ ਕੋਈ ਵੀ ਅਰਧ ਸੈਂਕੜਾ ਨਹੀਂ ਮਾਰ ਸਕਿਆ। ਸਭ ਤੋਂ ਵੱਧ 42 ਦੌੜਾਂ ਕ੍ਰਿਸ ਮੌਰਿਸ ਨੇ ਬਣਾਈਆਂ ਜਦਕਿ ਬਾਕੀ ਬੱਲੇਬਾਜ਼ ਚੰਗਾ ਨਹੀਂ ਤਾਂ ਆਪਣਾ ਬਣਦਾ ਯੋਗਦਾਨ ਜ਼ਰੂਰ ਪਾ ਕੇ ਗਏ। ਨੌਂ ਖਿਡਾਰੀਆਂ ਵਿੱਚੋਂ ਸਿਰਫ ਦੋ ਹੀ ਦਹਾਈ ਦੇ ਅੰਕੜੇ ਤਕ ਨਹੀਂ ਪੁੱਜੇ ਪਰ ਬਾਕੀ ਸੱਤ ਨੇ ਆਪਣੇ ਥੋੜ੍ਹੇ-ਥੋੜ੍ਹੇ ਯੋਗਦਾਨ ਸਦਕਾ ਮੁਸੀਬਤ ਵਿੱਚ ਪਈ ਦੱਖਣੀ ਅਫਰੀਕੀ ਟੀਮ ਨੂੰ 227 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਹੁਣ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਜ਼ਰੂਰਤ ਹੈ ਸੰਜਮ ਨਾਲ ਖੇਡ ਕੇ ਟੀਚਾ ਹਾਸਲ ਕੀਤਾ ਜਾਵੇ।