ਨਵੀਂ ਦਿੱਲੀ: ਕਈ ਦਿਨਾਂ ਤੋਂ ਜਾਰੀ ਕਰਨਾਟਕ ਘਮਸਾਣ ਦਾ ਅੰਤ ਭਾਰਤੀ ਜਨਤਾ ਪਾਰਟੀ ਦੀ ਆਰਜ਼ੀ ਸਰਕਾਰ ਡਿੱਗਣ ਨਾਲ ਹੋ ਗਿਆ ਹੈ। 17 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਣੇ ਯੇਦਿਯੁਰੱਪਾ ਨੇ ਆਪਣੇ ਦੋ ਦਿਨ ਪੁਰਾਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਤੇ ਜੇਡੀਐਸ ਦੀ ਗਠਜੋੜ ਵਾਲੀ ਸਰਕਾਰ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ।
ਕਰਨਾਟਕ ਵਿੱਚ ਅੱਜ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਭਾਜਪਾ ਦਾ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਫਲੋਰ ਟੈਸਟ ਕੀਤਾ ਜਾਣਾ ਸੀ। ਪਰ ਇਸ ਬਹੁਮਤ ਪ੍ਰੀਖਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਯੇਦਿਯੁਰੱਪਾ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ। ਯੇਦਿਯੁਰੱਪਾ ਕੁੱਲ ਚਾਰ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ, ਪਰ ਹਰ ਵਾਲ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।
ਸੂਬੇ ਦੇ ਰਾਜਪਾਲ ਵੈਜੁਭਾਈ ਵਾਲਾ ਨੇ ਬੀਜੇਪੀ ਨੂੰ 104 ਸੀਟਾਂ ਹਾਲ ਕਰਨ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਇਸ 'ਤੇ ਕਾਂਗਰਸ ਨੇ ਕਾਫੀ ਇਤਰਾਜ਼ ਜਤਾਇਆ ਸੀ ਤੇ ਸੁਪਰੀਮ ਕੋਰਟ ਤਕ ਵੀ ਪਹੁੰਚ ਕੀਤੀ ਸੀ। ਕਾਂਗਰਸ ਦੀਆਂ ਕੋਸ਼ਿਸ਼ਾਂ ਨੂੰ ਅੱਜ ਬੂਰ ਪੈ ਗਿਆ ਹੈ।
ਹੁਣ ਕਾਂਗਰਸ ਆਪਣੇ 78 ਜਨਤਾ ਦਲ ਸੈਕੂਲਰ ਦੇ 37 ਵਿਧਾਇਕਾਂ ਤੇ ਕੁਝ ਆਜ਼ਾਦ ਨੂੰ ਨਾਲ ਲੈ ਕੇ ਕਰਨਾਟਕ ਵਿੱਚ ਸਰਕਾਰ ਬਣਾਏਗੀ। ਕਰਨਾਟਕ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਕੁਮਾਰਸਵਾਮੀ ਬਣ ਸਕਦੇ ਹਨ।