ਨਵੀਂ ਦਿੱਲੀ: ਲਖਨਊ ਤੋਂ ਮੁੰਬਈ ਜਾਣ ਵਾਲੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਯਾਤਰੀਆਂ ਨੂੰ ਸਥਾਈ ਜਹਾਜ਼ (ਸਟੇਸ਼ਨਰੀ ਏਅਰਕਰਾਫਟ) ਵਿੱਚ 3 ਘੰਟੇ ਏਸੀ ਦੇ ਬਿਨਾਂ ਹੀ ਲੰਘਾਉਣੇ ਪਏ। ਇੰਡੀਗੋ ਦਾ ਜਹਾਜ਼ 6E 685 ਨੇ 7:45 ਵਜੇ ਦੀ ਬਜਾਏ ਲਗਪਗ 3 ਘੰਟਿਆਂ ਬਾਅਦ ਮੁਰੰਮਤ ਹੋਣ ਪਿੱਛੋਂ 11 ਵਜੇ ਉਡਾਣ ਭਰੀ।


 

ਇਸ ਦੌਰਾਨ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਭੜਾਸ ਕੱਢੀ। ਯਾਤਰੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਅੰਦਰ AC ਬੰਦ ਹੋਣ ਕਾਰਨ ਅੱਤ ਦੀ ਗਰਮੀ ਸੀ ਤੇ ਇਸ ਗਰਮੀ ਵਿੱਚ ਉਨ੍ਹਾਂ  ਨੂੰ 3 ਘੰਟੇ ਬਿਤਾਉਣੇ ਪਏ।

ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਟਵਿੱਟਰ ’ਤੇ ਲਿਖਿਆ ਕਿ ਇੰਡੀਗੋ ਜਹਾਜ਼ ਲਖਨਊ-ਮੁੰਬਈ 6E 685 ਤਕਨੀਕੀ ਖਰਾਬੀ ਕਾਰਨ ਲਖਨਊ ਹਵਾਈ ਅੱਡੇ ’ਤੇ ਫਸ ਗਿਆ ਹੈ। ਯਾਤਰੀਆਂ ਨੂੰ ਬਿਠਾਉਣ ਤੋਂ ਪਹਿਲਾਂ ਉਹ ਆਪਣੇ ਜਹਾਜ਼ਾਂ ਦੀ ਪਰਖ ਕਿਉਂ ਨਹੀਂ ਕਰਦੇ।

ਏਅਰਲਾਈਨ ਮੁਤਾਬਕ ਜਹਾਜ਼ ਉਡਾਣ ਭਰਨ ਹੀ ਵਾਲਾ ਸੀ ਕਿ ਇਸ ਦੇ ਇੰਜਣ ਵਿੱਚ ਖਰਾਬੀ  ਗਈ। 6E 685 ਜਹਾਜ਼ ਚਲਾਉਣ ਵਾਲਾ VT-IEI (non neo) ਉਡਾਣ ਭਰਨ ਲਈ ਬਿਲਕੁਲ ਤਿਆਰ ਸੀ। ਬਿਆਨ ਵਿੱਚ ਏਅਰਲਾਈਨ ਨੇ ਕਿਹਾ ਕਿ ਮਾਮੂਲੀ ਮੁਰੰਮਤ ਲਈ ਜਹਾਜ਼ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ ਗਿਆ ਸੀ।